ਪੰਜਾਬ ਵਿਜੀਲੈਂਸ ਬਿਊਰੋ ਨੇ ਪੁਲਿਸ ਵਿੱਚ ਕੈਟਾਗਰੀ-4 ਦੀਆਂ ਅਸਾਮੀਆਂ ਦੀ ਭਰਤੀ ਦੇ ਨਾਂ ‘ਤੇ 102 ਵਿਅਕਤੀਆਂ ਨਾਲ ਕੀਤੀ ਧੋਖਾਧੜੀ ਦੇ ਮਾਮਲੇ ਵਿੱਚ ਕਾਰਵਾਈ ਤੇਜ਼ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਪੂਰੇ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ, ਤਾਂ ਜੋ ਭਰਤੀ ਧੋਖਾਧੜੀ ਦੀ ਇਸ ਖੇਡ ‘ਚ ਸ਼ਾਮਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮਿਲੀਭੁਗਤ ਦਾ ਪਤਾ ਲਗਾਇਆ ਜਾ ਸਕੇ। ਵਿਜੀਲੈਂਸ ਵੱਲੋਂ ਫੜੇ ਗਏ ਦੋਵੇਂ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਵਿਜੀਲੈਂਸ ਬਿਊਰੋ ਜਲੰਧਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਿਮਾਂਡ ‘ਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਤਰਲੋਚਨ ਪਾਲ ਅਤੇ ਸੁਰਿੰਦਰ ਪਾਲ ਨੇ ਚੰਡੀਗੜ੍ਹ ਸਥਿਤ ਪੰਜਾਬ ਪੁਲਸ ਹੈੱਡਕੁਆਰਟਰ ‘ਚ ਦੋ ਪੁਲਸ ਮੁਲਾਜ਼ਮਾਂ ਦੀ ਭਰਤੀ ਲਈ 9 ਲੱਖ ਰੁਪਏ ਦਿੱਤੇ ਸਨ . ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਵਿਅਕਤੀਆਂ ਤੋਂ ਦੋਵਾਂ ਮੁਲਜ਼ਮਾਂ ਨੇ ਭਰਤੀ ਦੇ ਨਾਂ ’ਤੇ 9 ਲੱਖ ਰੁਪਏ ਲਏ ਸਨ, ਜਦੋਂ ਉਨ੍ਹਾਂ ਦੀ ਭਰਤੀ ਮਿੱਥੇ ਸਮੇਂ ਵਿੱਚ ਨਹੀਂ ਹੋਈ ਤਾਂ ਉਸ ਵਿੱਚੋਂ ਕੁਝ ਪੈਸੇ ਵਾਪਸ ਮੋੜ ਦਿੱਤੇ ਗਏ, ਪਰ ਅੱਧੀ ਤੋਂ ਵੱਧ ਰਕਮ ਦੀ ਧੋਖਾਧੜੀ ਕੀਤੀ ਗਈ। ਪੁਲੀਸ ਹੈੱਡਕੁਆਰਟਰ ਵਿੱਚ ਤਾਇਨਾਤ ਇਨ੍ਹਾਂ ਦੋ ਪੁਲੀਸ ਮੁਲਾਜ਼ਮਾਂ ਨੂੰ ਵੀ ਅੱਜ ਵਾਪਸ ਭੇਜ ਦਿੱਤਾ ਗਿਆ ਹੈ।