ਫ਼ਿਰੋਜ਼ਪੁਰ ਥਾਣਾ ਸਦਰ ਪੁਲਿਸ ਨੇ ਸਾਬਕਾ ਕਾਂਗਰਸੀ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਖ਼ਿਲਾਫ਼ ਜ਼ਮੀਨੀ ਵਿਵਾਦ ਸਬੰਧੀ ਕੇਸ ਦਰਜ ਕੀਤਾ ਹੈ।
ਦਰਅਸਲ, ਕੁਲਬੀਰ ਦੇ ਚਾਚਾ ਮਹਿੰਦਰਜੀਤ ਸਿੰਘ ਦਾ ਪਿੰਡ ਬਾਗੋਂ ਪੱਤਣੀ ਦੇ ਕਿਸਾਨ ਗੁਰਮੀਤ ਸਿੰਘ ਨਾਲ 6 ਜੂਨ ਨੂੰ ਅੱਠ ਏਕੜ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ‘ਚ ਕੁਝ ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਹੁਣ ਕੁਲਬੀਰ ਸਿੰਘ ਜ਼ੀਰਾ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੁਲਬੀਰ ਸਿੰਘ ਜ਼ੀਰਾ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਹੈ। ਵੜਿੰਗ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਫ਼ਿਰੋਜ਼ਪੁਰ ਦੇ ਐਸਐਸਪੀ ਨਾਲ ਗੱਲ ਕੀਤੀ ਗਈ ਹੈ, ਐਸਐਸਪੀ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾਵੇਗੀ।
ਵੜਿੰਗ ਨੇ ਕਿਹਾ ਕਿ ਐਸਐਸਪੀ ਦੀ ਗੱਲਬਾਤ ਤੋਂ ਸਪੱਸ਼ਟ ਹੈ ਕਿ ਕੁਲਬੀਰ ਸਿੰਘ ਜ਼ੀਰਾ ਖ਼ਿਲਾਫ਼ ਇਹ ਕੇਸ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਦਰਜ ਕੀਤਾ ਗਿਆ ਹੈ। ਜੇਕਰ ਇਹ ਕੇਸ ਰੱਦ ਨਾ ਕੀਤਾ ਗਿਆ ਤਾਂ ਕਾਂਗਰਸ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਦੇਵੇਗੀ।