ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਕਲਾਉਡੀਆ ਸ਼ਾਈਨ ਬਾਊਮ ਦੀ ਚੋਣ ਦਾ ਜਸ਼ਨ ਮਨਾਏ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਬੰਦੂਕਧਾਰੀਆਂ ਨੇ ਮੈਕਸੀਕੋ ਦੇ ਇੱਕ ਕਸਬੇ ਦੀ ਮਹਿਲਾ ਮੇਅਰ ਦੀ ਹੱਤਿਆ ਕਰ ਦਿੱਤੀ। ਯੋਲਾਂਡਾ ਸੇਂਚੇਜ਼ ਨੂੰ ਕਟੀਹਾ ਕਸਬੇ ਵਿੱਚ ਗੋਲੀ ਮਾਰ ਦਿੱਤੀ ਗਈ , ਜਿਥੇ ਉਸਨੇ ਸਤੰਬਰ 2021 ਤੋਂ ਸ਼ਾਸਨ ਕੀਤਾ ਸੀ। ਉਹ ਇਸ ਅਹੁਦੇ ਲਈ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਸੀ। ਰਿਪੋਰਟ ਮੁਤਾਬਕ ਸਿਆਸਤਦਾਨਾਂ ਵਿਰੁੱਧ ਵਿਆਪਕ ਹਿੰਸਾ ਨੇ ਮੈਕਸੀਕੋ ਦੀਆਂ ਆਮ ਚੋਣਾਂ ਨੂੰ ਢਾਹ ਲਾਈ ਹੈ, ਜਿਸ ਵਿੱਚ ਦੋ ਔਰਤਾਂ ਰਾਸ਼ਟਰਪਤੀ ਲਈ ਚੋਣ ਲੜ ਰਹੀਆਂ ਸਨ। ਜਾਣਕਾਰੀ ਮੁਤਾਬਕ ਯੋਲਾਂਡਾ ਸਾਂਚੇਜ਼ ਤੇ ਸੋਮਵਾਰ ਨੂੰ ਕਟੀਹਾ, ਮਿਚੋਆਕਾਨ ਦੇ ਕੇਂਦਰ ਵਿੱਚ ਬੰਦੂਕਧਾਰੀਆਂ ਨੇ ਹਮਲਾ ਕੀਤਾ ਸੀ। ਉਥੋਂ ਦੇ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਉਸ ਨੂੰ 19 ਵਾਰ ਗੋਲੀ ਮਾਰੀ ਗਈ ਅਤੇ ਹਮਲੇ ਤੋਂ ਤੁਰੰਤ ਬਾਅਦ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਉਸ ਦਾ ਬਾਡੀਗਾਰਡ ਵੀ ਗੋਲੀਬਾਰੀ ਵਿਚ ਮਾਰਿਆ ਗਿਆ। ਇਸ ਹਮਲੇ ਦੇ ਸਬੰਧ ਵਿੱਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਪਰ ਇਹ ਵਿਆਪਕ ਤੌਰ ‘ਤੇ ਮੰਨਿਆ ਜਾ ਰਿਹਾ ਹੈ ਕਿ ਬੰਦੂਕਧਾਰੀ ਇੱਕ ਸੰਗਠਿਤ ਅਪਰਾਧ ਸਮੂਹ ਨਾਲ ਸਬੰਧਤ ਸਨ।