ਉੱਤਰੀ ਕੋਰੀਆ ਵੱਲੋਂ ਫੌਜੀ ਜਾਸੂਸੀ ਉਪਗ੍ਰਹਿ ਲਾਂਚ ਕਰਨ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਇੱਕ ਜ਼ਰੂਰੀ ਬੈਠਕ ਬੁਲਾਈ ਹੈ। ਇਸ ਬੈਠਕ ‘ਚ ਪਿਓਂਗਯਾਂਗ ਖਿਲਾਫ ਕਾਰਵਾਈ ਨੂੰ ਲੈ ਕੇ ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਦੇ ਵਿਚਾਰ ਰੂਸ ਅਤੇ ਚੀਨ ਦੇ ਵਿਚਾਰਾਂ ਤੋਂ ਵੱਖਰੇ ਸਨ। ਇੱਕ ਪਾਸੇ ਜਿੱਥੇ ਅਮਰੀਕਾ ਅਤੇ ਉਸਦੇ ਸੁਰੱਖਿਆ ਸਹਿਯੋਗੀ ਰਾਕੇਟ ਲਾਂਚ ਦੀ ਕੋਸ਼ਿਸ਼ ਲਈ ਪਿਓਂਗਯਾਂਗ ਦੀ ਆਲੋਚਨਾ ਕਰ ਰਹੇ ਹਨ, ਉੱਥੇ ਦੂਜੇ ਪਾਸੇ ਰੂਸ ਅਤੇ ਚੀਨ ਨੇ ਉੱਤਰੀ ਕੋਰੀਆ ਦਾ ਬਚਾਅ ਕੀਤਾ ਹੈ। ਉੱਤਰੀ ਕੋਰੀਆ ਨੇ 27 ਮਈ ਨੂੰ ਇੱਕ ਫੌਜੀ ਜਾਸੂਸੀ ਉਪਗ੍ਰਹਿ ਲਾਂਚ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ 15 ਮੈਂਬਰੀ ਸੰਯੁਕਤ ਰਾਸ਼ਟਰ ਸੰਸਥਾ ਦੇ ਪ੍ਰਸਤਾਵਾਂ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ। ਇਹ ਕੋਰੀਆਈ ਪ੍ਰਾਇਦੀਪ ‘ਤੇ ਸ਼ਾਂਤੀ ਅਤੇ ਨਿਸ਼ਸਤਰੀਕਰਨ ਲਈ ਗੰਭੀਰ ਖ਼ਤਰਾ ਹੈ।