ਜਲੰਧਰ ਦੇ ਕਸਬਾ ਨਕੋਦਰ ਤੋਂ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ ਆਪਣੇ ਘਰ ਹੀ ਸੀ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ ਨੂੰ ਨਕੋਦਰ ਵਿਖੇ ਕੀਤਾ ਜਾਵੇਗਾ।
ਸ਼ਰਨਜੀਤ ਸਿੰਘ ਦੀ ਨਕੋਦਰ ਇਲਾਕੇ ਵਿਚ ਚੰਗੀ ਪਕੜ ਸੀ, ਜਿਸ ਕਾਰਨ ਇੰਦਰਜੀਤ ਕੌਰ ਮਾਨ 2022 ਵਿਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਨਕੋਦਰ ਤੋਂ ਭਾਰੀ ਵੋਟਾਂ ਨਾਲ ਜਿੱਤੇ ਸਨ। ਸ਼ਰਨਜੀਤ ਸਿੰਘ ਮਾਨ ਦੀ ਮੌਤ ਤੋਂ ਬਾਅਦ ਨਕੋਦਰ ਸਮੇਤ ਪੰਜਾਬ ਦੇ ਵੱਖ-ਵੱਖ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇੰਦਰਜੀਤ ਕੌਰ ਮਾਨ ਨੇ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਇੰਦਰਜੀਤ ਕੌਰ ਮਾਨ ਨੂੰ ਚੋਣ ਜਿਤਾਉਣ ਵਿੱਚ ਉਨ੍ਹਾਂ ਦੇ ਪਤੀ ਸ਼ਰਨਜੀਤ ਸਿੰਘ ਮਾਨ ਨੇ ਅਹਿਮ ਭੂਮਿਕਾ ਨਿਭਾਈ। ਮਾਨ ਪਰਿਵਾਰ ਦੀ ਨਕੋਦਰ ਅਤੇ ਆਸ-ਪਾਸ ਦੇ ਇਲਾਕਿਆਂ ‘ਤੇ ਮਜ਼ਬੂਤ ਪਕੜ ਹੈ। ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਪਰ ਚੋਣਾਂ ਤੋਂ ਦੋ ਦਿਨ ਪਹਿਲਾਂ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਪਤੀ ਸ਼ਰਨਜੀਤ ਸਿੰਘ ਮਾਨ ਦੀ ਮੌਤ ਹੋ ਜਾਣ ਕਾਰਨ ਨਕੋਦਰ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਸੋਗ ਦੀ ਲਹਿਰ ਹੈ।