ਮੰਗਲਵਾਰ ਨੂੰ ਬੈਨਫ ਨੈਸ਼ਨਲ ਪਾਰਕ ਵਿੱਚ ਅਲਬਰਟਾ ਦੇ ਆਈਸਫੀਲਡ ਪਾਰਕਵੇਅ ਦੇ ਇੱਕ ਪਾਸੇ ਟੂਰ ਬੱਸ ਨੂੰ ਅੱਗ ਲੱਗ ਗਈ ਜਿਸ ਕਾਰਨ ਦਰਜਨਾਂ ਯਾਤਰੀ ਥਾਂ ਤੇ ਫਸ ਗਏ। ਰਿਪੋਰਟ ਮੁਤਾਬਕ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਲੇਕ ਲੁਈਸ ਡਿਟੈਚਮੈਂਟ ਤੋਂ ਮਾਉਂਟੀਸ ਨੂੰ ਸ਼ਾਮ 5 ਵਜੇ ਦੇ ਕਰੀਬ ਹਾਈਵੇ ‘ਤੇ ਬੁਲਾਇਆ ਗਿਆ। ਜਿਥੇ ਉਹ ਲਗਭਗ 60 ਯਾਤਰੀਆਂ ਨੂੰ ਲੱਭਣ ਲਈ ਪਹੁੰਚੇ, ਜਿਨ੍ਹਾਂ ਵਿਚੋਂ 48 ਨੌਜਵਾਨ ਟੋਨਬ੍ਰਿਜ, ਯੂ.ਕੇ. ਤੋਂ ਇੱਕ ਅੰਤਰਰਾਸ਼ਟਰੀ ਸਕੂਲ ਦੀ ਯਾਤਰਾ ਤੇ ਸਨ। ਐਮਰਜੈਂਸੀ ਅਮਲੇ ਅਤੇ ਪਾਰਕਸ ਕੈਨੇਡਾ ਨੇ ਫਸੇ ਹੋਏ ਯਾਤਰੀਆਂ ਨੂੰ ਬੋ ਲੇਕ ਦੇ ਲੋਜ ਵਿੱਚ ਠਹਿਰਾਇਆ, ਜਿਥੇ ਯਾਤਰੀਆਂ ਨੂੰ ਦੂਜੀ ਬੱਸ ਦੇ ਆਉਣ ਤੱਕ ਇੰਤਜ਼ਾਰ ਕਰਨਾ ਪਿਆ। ਇਸ ਘਟਨਾ ਦੌਰਾਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਉਥੇ ਹੀ ਆਰਸੀਐਮਪੀ ਵਲੋਂ ਟੂਰ ਬੱਸ ਨੂੰ ਅੱਗ ਲੱਗਣ ਦਾ ਕਾਰਨ ਮਕੈਨਿਕਲ ਮੰਨਿਆ ਜਾ ਰਿਹਾ ਹੈ।