30 ਅਕਤੂਬਰ 2024: ਅਮਰੀਕਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 1100 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਜਾਣਕਾਰੀ ਅਮਰੀਕੀ ਗ੍ਰਹਿ ਅਤੇ ਅੰਦਰੂਨੀ ਸੁਰੱਖਿਆ ਵਿਭਾਗ ਦੇ ਬਾਰਡਰ ਅਤੇ ਇਮੀਗ੍ਰੇਸ਼ਨ ਨੀਤੀ ਦੇ ਸਹਾਇਕ ਸਕੱਤਰ ਰੋਜ਼ ਮਰੇ ਨੇ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਡਿਪੋਰਟ ਕੀਤੇ ਗਏ ਜ਼ਿਆਦਾਤਰ ਭਾਰਤੀ ਕਿਸ ਸੂਬੇ ਦੇ ਹਨ, ਪਰ ਇਨ੍ਹਾਂ ਵਿਚ ਪੰਜਾਬ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਦੇ ਉਹ ਭਾਰਤੀ ਸ਼ਾਮਲ ਹਨ ਜੋ ਗੈਰ-ਕਾਨੂੰਨੀ ਢੰਗ ਨਾਲ ਮੈਕਸੀਕੋ ਅਤੇ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ ਗਏ ਸਨ।
ਉੱਥੇ ਹੀ ਮਰੇ ਨੇ ਕਿਹਾ ਕਿ ਡਿਪੋਰਟ ਕੀਤੇ ਗਏ ਸਾਰੇ ਭਾਰਤੀਆਂ ਨੂੰ ਅਮਰੀਕਾ ਵਿਚ ਰਹਿਣ ਦਾ ਕਾਨੂੰਨੀ ਹੱਕ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਧਿਆਨ ਯੋਗ ਹੈ ਕਿ 22 ਅਕਤੂਬਰ ਨੂੰ ਹੀ ਅਮਰੀਕਾ ਨੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਨੂੰ ਫਲਾਈਟ ਰਾਹੀਂ ਵਾਪਸ ਭੇਜ ਦਿੱਤਾ ਸੀ। ਵਾਪਿਸ ਭੇਜੇ ਗਏ ਭਾਰਤੀਆਂ ਵਿਚ ਮਹਿਆਲੇਨ ਵੀ ਸ਼ਾਮਲ ਸੀ। ਹਾਲਾਂਕਿ ਹੁਣ ਤੱਕ ਕਿਸੇ ਵੀ ਬੱਚੇ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਰਹਿਣ ਦੇ ਦੋਸ਼ ‘ਚ ਡਿਪੋਰਟ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਜ਼ਿਆਦਾਤਰ ਨੌਜਵਾਨ ਅਮਰੀਕਾ ਜਾਣ ਦਾ ਸੁਪਨਾ ਦੇਖਦੇ ਹਨ ਪਰ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਹ ਅਕਸਰ ਗਲਤ ਰਾਹ ਅਖਤਿਆਰ ਕਰ ਲੈਂਦੇ ਹਨ। ਇਸ ਕਾਰਨ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਅਮਰੀਕਾ ਦਾ ਗ੍ਰਹਿ ਸੁਰੱਖਿਆ ਵਿਭਾਗ ਸੋਸ਼ਲ ਮੀਡੀਆ ਦੇ ਨਾਲ-ਨਾਲ ਮੇਨ ਸਟ੍ਰੀਮ ਮੀਡੀਆ ‘ਤੇ ਵੀ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ। ਅਮਰੀਕਾ ਦਾ ਗ੍ਰਹਿ ਅਤੇ ਇਮੀਗ੍ਰੇਸ਼ਨ ਵਿਭਾਗ ਅਮਰੀਕਾ ਵਿੱਚ ਪੜ੍ਹਨ ਲਈ ਗਏ ਭਾਰਤੀਆਂ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਬਾਰੇ ਲਗਾਤਾਰ ਜਾਗਰੂਕ ਕਰਦਾ ਰਹਿੰਦਾ ਹੈ ਤਾਂ ਜੋ ਓਵਰਸਟੇ ਹੋਣ ਦੀ ਸੂਰਤ ਵਿੱਚ ਦੇਸ਼ ਨਿਕਾਲੇ ਦੀ ਕੋਈ ਸੰਭਾਵਨਾ ਨਾ ਰਹੇ।