ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ ਜਿਸ ਵਿੱਚ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਸ਼ੱਕੀਆਂ ਵਿੱਚੋਂ ਇੱਕ ਨੇ ਕਿਹਾ ਕਿ ਉਹ ਸਟੱਡੀ ਪਰਮਿਟ ਦੀ ਵਰਤੋਂ ਕਰਕੇ ਕੈਨੇਡਾ ਵਿੱਚ ਆਇਆ ਸੀ। ਅਤੇ ਉਸ ਨੂੰ ਸਟੂਡੇਂਟ ਵੀਜ਼ਾ ਕੁਝ ਹੀ ਦਿਨਾਂ ਚ ਮਿਲ ਗਿਆ ਸੀ। 2019 ਵਿੱਚ ਔਨਲਾਈਨ ਪੋਸਟ ਕੀਤੀ ਇੱਕ ਵੀਡੀਓ ਵਿੱਚ, ਕਰਨ ਬਰਾੜ ਨੇ ਕਿਹਾ ਕਿ ਉਸਨੇ ਭਾਰਤ ਦੇ ਪੰਜਾਬ ਰਾਜ ਵਿੱਚ ਬਠਿੰਡਾ ਵਿੱਚ ਐਥਿਕ ਵਰਕਸ ਇਮੀਗ੍ਰੇਸ਼ਨ ਸੇਵਾਵਾਂ ਰਾਹੀਂ ਵਿਦਿਆਰਥੀ ਵੀਜ਼ੇ ਲਈ ਅਰਜ਼ੀ ਦਿੱਤੀ ਸੀ। ਉਸ ਨੇ ਕਿਹਾ ਕਿ ਉਸ ਨੂੰ ਉਸ ਦਾ ਸਟੱਡੀ ਵੀਜ਼ਾ ਕੁਝ ਦਿਨਾਂ ਬਾਅਦ ਮਿਲਿਆ। ਇਹਨਾਂ ਹੀ ਨਹੀਂ ਐਥਿਕ ਵਰਕਸ ਨੇ ਆਪਣੇ ਫੇਸਬੁੱਕ ਪੇਜ ‘ਤੇ ਬਰਾੜ ਦੀ ਫੋਟੋ ਦੇ ਨਾਲ ਪ੍ਰਚਾਰ ਵੀਡੀਓ ਪੋਸਟ ਕੀਤਾ, ਜਿਸ ਬਾਰੇ ਕੰਪਨੀ ਨੇ ਕਿਹਾ ਕਿ ਉਹ ਬਠਿੰਡਾ ਦੇ ਉੱਤਰ ਵਿੱਚ ਕੋਟਕਪੂਰਾ ਸ਼ਹਿਰ ਦਾ ਸੀ। ਉਥੇ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹਨਾਂ ਸਵਾਲਾਂ ਦੇ ਕਿ ਸ਼ੱਕੀ ਕੈਨੇਡਾ ਵਿੱਚ ਕਿਵੇਂ ਆਏ ਇਸ ਬਾਰੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਆਨਲਾਈਨ ਪੋਸਟਾਂ ਤੋਂ ਪਤਾ ਲੱਗਦਾ ਹੈ ਕਿ ਬਰਾੜ, ਕਤਲ ਤੋਂ ਤਿੰਨ ਸਾਲ ਪਹਿਲਾਂ ਵਿਦਿਆਰਥੀ ਪਰਮਿਟ ‘ਤੇ ਆਇਆ ਸੀ। ਜ਼ਿਕਰਯੋਗ ਹੈ ਕਿ ਕਰਨ ਬਰਾੜ ਨੂੰ ਸ਼ੁੱਕਰਵਾਰ ਨੂੰ ਐਡਮਿੰਟਨ ਵਿੱਚ ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਮੰਗਲਵਾਰ ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਅਦਾਲਤ ਵਿੱਚ ਪੇਸ਼ ਹੋਏ ਜਿਥੇ ਤਿੰਨੇਂ ਕਤਲ ਅਤੇ ਸਾਜ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿੱਚੋਂ ਦੋ ਨੇ 18 ਜੂਨ, 2023 ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਪਾਰਕਿੰਗ ਵਿੱਚ ਕਥਿਤ ਤੌਰ ‘ਤੇ ਨਿੱਝਰ ਨੂੰ ਗੋਲੀ ਮਾਰ ਦਿੱਤੀ ਸੀ, ਜਦੋਂ ਕਿ ਤੀਜਾ ਡ੍ਰਾਈਵਰ ਸੀ ਜੋ ਮੌਕੇ ਤੇ ਸ਼ੱਕੀਆਂ ਨੂੰ ਭਜਾਉਣ ਵਿੱਚ ਕਾਮਯਾਬ ਰਿਹਾ।