ਪੁਲਿਸ ਨੇ ਛੇ ਦਿਨ ਪਹਿਲਾਂ ਦੇਰ ਰਾਤ ਜਗਰਾਓਂ ਦੇ ਇੱਕ ਢਾਬੇ ਤੇ ਪ੍ਰਾਈਵੇਟ ਕੰਪਨੀ ਦੇ ਮੈਨੇਜਰ ਤੋਂ ਪਿਸਤੌਲ ਅਤੇ ਮਾਰੂ ਹਥਿਆਰਾਂ ਦੀ ਨੋਕ ਤੇ ਕਾਰ ਲੁੱਟਣ ਵਾਲੀ ਤਿੱਕੜੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਗ੍ਰਿਫ਼ਤਾਰ ਤਿਕੜੀ ਤੋਂ ਪੁਲਿਸ ਨੇ ਵਾਰਦਾਤ ਸਮੇਂ ਵਰਤਿਆ ਪਿਸਤੌਲ, ਖੰਡਾ, ਪੇਚਕਸ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ।
ਜਗਰਾਓਂ ਦੇ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਬੀਤੀ 25 ਅਗਸਤ ਦੀ ਰਾਤ ਕਰੀਬ 10 ਵਜੇ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਤੇ ਮੋਗਾ ਸਾਈਡ ਸਥਿਤ ਪ੍ਰਦੇਸੀ ਢਾਬਾ ਵਿਖੇ ਬਾਇਓਸਟੈਂਡਟ ਇੰਡੀਆ ਲਿਮਟਿਡ ਕੰਪਨੀ ਦੇ ਮੈਨੇਜਰ ਅਨੁਜ ਮਲਿਕ ਪੁੱਤਰ ਦੇਵੇਨਦਰ ਕੁਮਾਰ ਵਾਸੀ ਬੇਅੰਤ ਨਗਰ ਮੋਗਾ ਰੋਟੀ ਖਾ ਕੇ ਮੋਗਾ ਜਾਣ ਲਈ ਕੰਪਨੀ ਦੀ ਵੈਗਨਾਰ ਕਾਰ ’ਚ ਜਾਣ ਲਈ ਬੈਠਾ ਹੀ ਸੀ ਕਿ ਕਾਰ ਦੀਆਂ ਪਿਛਲੀਆਂ ਸੀਟਾਂ ’ਤੇ ਦੋ ਨੌਜਵਾਨ ਆ ਕੇ ਬੈਠ ਗਏ, ਉਨ੍ਹਾਂ ਦਾ ਇੱਕ ਸਾਥੀ ਮੋਟਰਸਾਈਕਲ ’ਤੇ ਬਾਹਰ ਖੜ੍ਹ ਗਿਆ। ਕਾਰ ਦੀਆਂ ਪਿਛਲੀਆਂ ਸੀਟਾਂ ’ਤੇ ਬੈਠੇ ਦੋਵੇਂ ਵਿਅਕਤੀਆਂ ਨੇ ਮੈਨੇਜਰ ’ਤੇ ਪਿਸਤੌਲ ਤਾਣਦਿਆ ਉਸ ਨੂੰ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਕਾਰ ਭਜਾ ਕੇ ਲੈ ਗਏ। ਮੈਨੇਜਰ ਨੇ ਤੁਰੰਤ ਜਗਰਾਓਂ ਪੁਲਿਸ ਨੂੰ ਸੂਚਨਾ ਦਿੱਤੀ।
ਇਸ ’ਤੇ ਜਗਰਾਓਂ ਸਬ-ਡਵੀਜ਼ਨ ਦੇ ਡੀਐੱਸਪੀ ਜਸਜੋਤ ਸਿੰਘ, ਡੀਐੱਸਪੀ ਡੀ ਸੰਦੀਪ ਵਡੇਰਾ, ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਵੱਲੋਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਜੋ ਕਿ ਬਰਨਾਲਾ ਜ਼ਿਲ੍ਹੇ ਵਿੱਚ ਦਾਖਲ ਹੋ ਗਏ, ਜਿਸ ਤੇ ਬਰਨਾਲਾ ਪੁਲਿਸ ਦੀ ਵੀ ਮਦਦ ਲਈ ਗਈ। ਇਸ ਦੌਰਾਨ ਲੁਟੇਰੇ ਕਾਰ ਛੱਡ ਕੇ ਫਰਾਰ ਹੋ ਗਏ।