ਸ਼ੁੱਕਰਵਾਰ ਦਾ ਦਿਨ ਸੀ, ਸਭ ਕੁਝ ਆਮ ਵਾਂਗ ਚੱਲ ਰਿਹਾ ਸੀ, ਲੋਕ ਇੱਧਰ-ਉੱਧਰ ਆ ਰਹੇ ਸਨ, ਬੈਂਕਾਂ ‘ਚ ਕੰਮਕਾਜ ਸੁਚਾਰੂ ਢੰਗ ਨਾਲ ਚੱਲ ਰਿਹਾ ਸੀ। ਪਰ ਅਚਾਨਕ ਬੈਂਕਾਂ, ਨਿਊਜ਼ ਚੈਨਲਾਂ, ਸਟਾਕ ਐਕਸਚੇਂਜਾਂ ਅਤੇ ਸਾਰੀਆਂ ਏਅਰਲਾਈਨਾਂ ਨੇ ਸਿਸਟਮ ਬੰਦ ਕਰਨਾ ਸ਼ੁਰੂ ਕਰ ਦਿੱਤਾ, ਸਭ ਕੁਝ ਠੱਪ ਹੋ ਗਿਆ। ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਸੀ। ਸਰਕਾਰਾਂ ਹਰਕਤ ਵਿੱਚ ਆ ਗਈਆਂ ਅਤੇ ਹੰਗਾਮੀ ਮੀਟਿੰਗਾਂ ਸੱਦੀਆਂ ਗਈਆਂ। ਬਾਅਦ ‘ਚ ਪਤਾ ਲੱਗਾ ਕਿ ਮਾਈਕ੍ਰੋਸਾਫਟ ਦੇ ਸਰਵਰ ‘ਚ ਇਹ ਸਮੱਸਿਆ ਆਈ ਸੀ। ਜਿਸ ਕਾਰਨ ਦੁਨੀਆ ਭਰ ਦੀਆਂ ਵੱਖ-ਵੱਖ ਸੇਵਾਵਾਂ ਜਿਵੇਂ ਕਿ ਏਅਰਲਾਈਨਾਂ, ਬੈਂਕਾਂ, ਸਟਾਕ ਐਕਸਚੇਂਜਾਂ, ਭੁਗਤਾਨ ਪ੍ਰਣਾਲੀਆਂ, ਦੂਰਸੰਚਾਰ, ਐਮਰਜੈਂਸੀ ਸੇਵਾਵਾਂ, ਸਿਹਤ ਪ੍ਰਣਾਲੀਆਂ ਅਤੇ ਬ੍ਰਾਡਕਾਸਟਰਾਂ ਵਿੱਚ ਅਸੁਵਿਧਾ ਹੈ। ਇਸ ਦਾ ਅਸਰ ਅਮਰੀਕਾ, ਬ੍ਰਿਟੇਨ, ਜਰਮਨੀ, ਆਸਟ੍ਰੇਲੀਆ ਦੇ ਨਾਲ-ਨਾਲ ਭਾਰਤ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ, ਮੁੰਬਈ, ਬੈਂਗਲੁਰੂ ਵਰਗੇ ਕਈ ਹਵਾਈ ਅੱਡਿਆਂ ‘ਤੇ ਜਹਾਜ਼ ਦੇਰੀ ਨਾਲ ਚੱਲ ਰਹੇ ਹਨ ਅਤੇ ਯਾਤਰੀਆਂ ਨੂੰ ਹੱਥ ਲਿਖਤ ਮੈਨੂਅਲ ਬੋਰਡਿੰਗ ਪਾਸ ਦਿੱਤੇ ਜਾ ਰਹੇ ਹਨ।