ਸੀਰੀਆ ਸਿਵਲ ਵਾਰ: ਦਾਅਵਾ ਕੀਤਾ ਜਾ ਰਿਹਾ ਹੈ ਕਿ ਸੀਰੀਆ ਵਿੱਚ ਬਸ਼ਰ ਅਲ-ਅਸਦ ਪਰਿਵਾਰ ਦਾ 50 ਸਾਲਾਂ ਦਾ ਸ਼ਾਸਨ ਖ਼ਤਮ ਹੋਣ ਜਾ ਰਿਹਾ ਹੈ। ਬਾਗੀਆਂ ਨੇ ਸੀਰੀਆ ‘ਤੇ ਕਬਜ਼ਾ ਕਰ ਲਿਆ ਹੈ ਅਤੇ ਰਾਸ਼ਟਰਪਤੀ ਬਸ਼ਰ ਆਪਣੇ ਪਰਿਵਾਰ ਸਮੇਤ ਦੇਸ਼ ਛੱਡ ਕੇ ਭੱਜ ਗਏ ਹਨ। ਵਿਦਰੋਹੀਆਂ ਨੇ ਰਾਜਧਾਨੀ ਦਮਿਸ਼ਕ ਸਮੇਤ ਵੱਡੇ ਸ਼ਹਿਰਾਂ ‘ਤੇ ਕਬਜ਼ਾ ਕਰ ਲਿਆ ਹੈ। ਸੀਰੀਆ ਪਿਛਲੇ 13 ਸਾਲਾਂ ਤੋਂ ਘਰੇਲੂ ਯੁੱਧ ਵਿਚ ਫਸਿਆ ਹੋਇਆ ਸੀ ਅਤੇ ਹੁਣ ਬਸ਼ਰ ਸਰਕਾਰ ਦੇ ਡਿੱਗਣ ਤੋਂ ਬਾਅਦ ਇਸ ਦਾ ਘਰੇਲੂ ਯੁੱਧ ਖਤਮ ਹੋਣ ਦੀ ਬਜਾਏ ਵਧਣ ਦੀ ਸੰਭਾਵਨਾ ਹੈ। ਸੀਰੀਆ ‘ਚ ਸੱਤਾ ਦੇ ਇਸ ਬਦਲਾਅ ਦਾ ਇਜ਼ਰਾਈਲ ‘ਤੇ ਡੂੰਘਾ ਅਸਰ ਪਵੇਗਾ ਅਤੇ ਇਜ਼ਰਾਈਲ ਸਰਕਾਰ ਵੀ ਇਸ ਖਤਰੇ ਤੋਂ ਜਾਣੂ ਹੈ।
ਕੱਟੜਪੰਥੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ ਨੇ ਪਿਛਲੇ ਹਫਤੇ ਅਚਾਨਕ ਅਤੇ ਸਫਲ ਹਮਲੇ ਨਾਲ ਸੀਰੀਆ ਨੂੰ ਹੈਰਾਨ ਕਰ ਦਿੱਤਾ ਸੀ। ਹਯਾਤ ਤਹਿਰੀਰ ਅਲ-ਸ਼ਾਮ, ਜਾਂ ਐਚਟੀਐਸ, ਨੂੰ ਲੰਬੇ ਸਮੇਂ ਤੋਂ ਦੇਸ਼ ਦਾ ਸਭ ਤੋਂ ਮਜ਼ਬੂਤ ਬਾਗੀ ਸਮੂਹ ਮੰਨਿਆ ਜਾਂਦਾ ਹੈ। ਇਨ੍ਹਾਂ ਬਾਗੀਆਂ ਨੇ 27 ਨਵੰਬਰ ਨੂੰ ਅਲੇਪੋ ਦੇ ਉੱਤਰੀ ਅਤੇ ਉੱਤਰੀ ਪੱਛਮ ਵਾਲੇ ਇਲਾਕਿਆਂ ਤੋਂ ਅਚਾਨਕ ਹਮਲਾ ਕੀਤਾ। 29-30 ਨਵੰਬਰ ਨੂੰ ਉਹ ਸ਼ਹਿਰ ਵਿਚ ਦਾਖ਼ਲ ਹੋਏ ਅਤੇ ਫ਼ੌਜ ਨੂੰ ਉਥੋਂ ਭਜਾ ਦਿੱਤਾ। ਅਲੇਪੋ ਤੋਂ ਬਾਅਦ ਹਜ਼ਾਰਾਂ ਐਚਟੀਐਸ ਲੜਾਕਿਆਂ ਨੇ ਕਈ ਹੋਰ ਵੱਡੇ ਸ਼ਹਿਰਾਂ ‘ਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਪਿਛਲੇ 13 ਸਾਲਾਂ ਤੋਂ ਚੱਲੀ ਆ ਰਹੀ ਜੰਗ ਸਿਰਫ਼ 12 ਦਿਨਾਂ ਵਿੱਚ ਹੀ ਖ਼ਤਮ ਹੋ ਗਈ। 2011 ਵਿੱਚ ਅਸਦ ਸਰਕਾਰ ਦੇ ਖਿਲਾਫ ਅਰਬ ਬਸੰਤ ਦੇ ਵਿਦਰੋਹ ਨਾਲ ਸ਼ੁਰੂ ਹੋਏ ਇਸ ਘਰੇਲੂ ਯੁੱਧ ਵਿੱਚ ਲਗਭਗ ਪੰਜ ਲੱਖ ਲੋਕ ਮਾਰੇ ਗਏ ਹਨ। ਖਾਨਾਜੰਗੀ ਕਾਰਨ 2 ਕਰੋੜ 30 ਲੱਖ ਦੀ ਆਬਾਦੀ ਵਾਲੇ ਦੇਸ਼ ਦੇ ਲਗਭਗ 68 ਲੱਖ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ ਅਤੇ ਲੱਖਾਂ ਲੋਕ ਵਿਦੇਸ਼ਾਂ ਵਿਚ ਸ਼ਰਨਾਰਥੀ ਬਣ ਗਏ ਹਨ।