ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਉੱਚ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਸ਼ੰਭੂ ਸਰਹੱਦ ਨੂੰ ਲੈ ਕੇ ਪਟਿਆਲਾ ਦੀ ਪੁਲੀਸ ਲਾਈਨ ਵਿੱਚ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਕਰੀਬ ਇੱਕ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਦੋਵਾਂ ਧਿਰਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਿਆ। ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਤੋਂ ਬਿਨਾਂ ਦਿੱਲੀ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਮੀਟਿੰਗ ਵਿੱਚ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਹੋ ਰਹੀ ਅਸੁਵਿਧਾ ਦਾ ਹਵਾਲਾ ਦਿੰਦਿਆਂ ਕਿਸਾਨ ਜਥੇਬੰਦੀਆਂ ਨੂੰ ਸ਼ੰਭੂ ਸਰਹੱਦ ਖੋਲ੍ਹਣ ਲਈ ਕਿਹਾ। ਇਸ ਦੇ ਜਵਾਬ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਸੜਕ ਕਿਸਾਨਾਂ ਵੱਲੋਂ ਨਹੀਂ ਸਗੋਂ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੀ ਗਈ ਹੈ। ਇਸ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਮੋਟਰ ਵਹੀਕਲ ਐਕਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਕਿਸਾਨ ਆਪਣੀਆਂ ਮੰਗਾਂ ਸਬੰਧੀ ਕੇਂਦਰ ਨਾਲ ਗੱਲ ਕਰਨੀ ਚਾਹੁੰਦੇ ਹਨ ਤਾਂ ਉਹ ਬਿਨਾਂ ਟਰੈਕਟਰ-ਟਰਾਲੀਆਂ ਦੇ ਹੀ ਚਲੇ ਜਾਣ। ਇਸ ’ਤੇ ਕਿਸਾਨਾਂ ਨੇ ਕਿਹਾ ਕਿ ਟਰੈਕਟਰ-ਟਰਾਲੀਆਂ ਉਨ੍ਹਾਂ ਲਈ ਦੂਜਾ ਘਰ ਹਨ। ਟਰੈਕਟਰ-ਟਰਾਲੀਆਂ ਹਰ ਮੌਸਮ ਵਿੱਚ ਕਿਸਾਨਾਂ ਦੀ ਰਾਖੀ ਕਰਦੀਆਂ ਹਨ। ਇਸ ਲਈ ਕਿਸਾਨਾਂ ਨੂੰ ਟਰੈਕਟਰ-ਟਰਾਲੀਆਂ ਨਾਲ ਹੀ ਅੱਗੇ ਵਧਣ ਦਿੱਤਾ ਜਾਵੇ।