ਸ਼ਿਕਾਗੋ ਸਬਵੇਅ ‘ਚ ਸੁੱਤੇ ਪਏ ਲੋਕਾਂ ਤੇ ਚਲਾਈ ਗੋਲੀ, ਚਾਰ ਦੀ ਮੌਤ।ਬੀਤੇ ਦਿਨ ਲੇਬਰ ਡੇਅ ਦੀ ਸਵੇਰ ਨੂੰ ਸ਼ਿਕਾਗੋ ਦੀ ਇੱਕ ਕਮਿਊਟਰ ਟਰੇਨ ਵਿੱਚ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਮੁਤਾਬਕ ਇਹ ਹਮਲਾ ਉਦੋਂ ਹੋਇਆ ਜਦੋਂ ਇਸ ਹਮਲੇ ਵਿੱਚ ਮਰਨ ਵਾਲੇ ਵਿਅਕਤੀ ਸੁੱਤੇ ਪਏ ਸੀ। ਦੱਸਦਈਏ ਕਿ ਗੋਲੀਬਾਰੀ ਤੋਂ ਬਾਅਦ ਫੋਰੈਸਟ ਪਾਰਕ ਪੁਲਿਸ ਵਿਭਾਗ ਨੂੰ ਸਵੇਰੇ 5:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ 911 ਕਾਲ ਮਿਲੀ ਜਿਸ ਵਿੱਚ ਫੋਰੈਸਟ ਪਾਰਕ ਸਟੇਸ਼ਨ ‘ਤੇ ਇੱਕ ਬਲੂ ਲਾਈਨ ਰੇਲਗੱਡੀ ਵਿੱਚ ਤਿੰਨ ਮ੍ਰਿਤਕ ਵਿਅਕਤੀਆਂ ਅਤੇ ਚੌਥੇ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਰਿਪੋਰਟ ਕੀਤੀ ਗਈ ਸੀ। ਚੌਥੇ ਪੀੜਤ ਦੀ ਬਾਅਦ ਵਿੱਚ ਲੋਯੋਲਾ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਮੌਤ ਹੋ ਗਈ। ਕਾਰਵਾਈ ਕਰਦੇ ਹੋਏ ਮੌਕੇ ਤੋਂ ਭੱਜਣ ਵਾਲੇ ਸ਼ੱਕੀ ਨੂੰ ਕਰੀਬ ਡੇਢ ਘੰਟੇ ਬਾਅਦ ਪਿੰਕ ਲਾਈਨ ‘ਤੇ ਕਾਬੂ ਕਰ ਲਿਆ ਗਿਆ। ਇਸ ਦੌਰਾਨ ਪੁਲਿਸ ਨੇ ਸ਼ੱਕੀ ਕੋਲੋਂ ਇੱਕ ਹਥਿਆਰ ਬਰਾਮਦ ਕੀਤਾ ਅਤੇ ਗੋਲੀਬਾਰੀ ਨੂੰ ਇੱਕ ਵੱਖਰੀ ਘਟਨਾ ਦੱਸਿਆ ਹੈ। ਇਸ ਮਾਮਲੇ ਵਿੱਚ ਪੀੜਤਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਉਥੇ ਹੀ ਸ਼ਿਕਾਗੋ ਦੇ ਫੋਰੈਸਟ ਪਾਰਕ ਦੇ ਡਿਪਟੀ ਚੀਫ਼ ਕ੍ਰਿਸ ਚਿਨ ਨੇ ਇਸ ਘਟਨਾ ਨੂੰ “ਹੈਰਾਨ ਕਰਨ ਵਾਲਾ” ਅਤੇ “ਭਿਆਨਕ” ਕਿਹਾ ਅਤੇ ਕਿਹਾ ਕਿ ਪੀੜਤ ਬੇਘਰ ਹੋ ਸਕਦੇ ਹਨ। ਸ਼ਿਕਾਗੋ ਟ੍ਰਾਂਜ਼ਿਟ ਅਥਾਰਟੀ ਨੇ ਗੋਲੀਬਾਰੀ ਦੀ “ਹਿੰਸਾ ਦੀ ਘਿਨਾਉਣੀ ਅਤੇ ਭਿਆਨਕ ਕਾਰਵਾਈ” ਵਜੋਂ ਨਿੰਦਾ ਕੀਤੀ।
ਸ਼ਿਕਾਗੋ ਸਬਵੇਅ ‘ਚ ਸੁੱਤੇ ਪਏ ਲੋਕਾਂ ਤੇ ਚਲਾਈ ਗੋਲੀ, ਚਾਰ ਦੀ ਮੌਤ
- September 3, 2024