ਮੋਹਾਲੀ ਦੇ ਸੈਕਟਰ-88/89 ਦੇ ਵਿਚ ਰਾਤ ਕਰੀਬ 2.30 ਵਜੇ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 22 ਸਾਲਾ ਵਿਅਕਤੀ ਅਤੇ 19 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਸਕਸ਼ਮ ਅਤੇ ਰਿਧੀਮਾ ਸੇਠੀ ਵਾਸੀ ਸਹਾਰਨਪੁਰ ਵਜੋਂ ਹੋਈ ਹੈ। ਜਦਕਿ ਹਾਦਸੇ ਸਮੇਂ ਉਨ੍ਹਾਂ ਨਾਲ ਕਾਰ ‘ਚ ਬੈਠੇ ਕ੍ਰਿਸ਼ਨ, ਕਪਿਲ ਅਤੇ ਰਸਿਕ ਗਰੋਵਰ ਜ਼ਖਮੀ ਹੋ ਗਏ ਹਨ।ਜਿਨ੍ਹਾਂ ਦਾ ਸੋਹਾਣਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੋਹਾਣਾ ਦੇ ਏਐਸਆਈ ਕਮਲ ਸਿੰਘ ਨੇ ਦੱਸਿਆ ਕਿ ਸਕਸ਼ਮ ਕੁਝ ਦਿਨ ਪਹਿਲਾਂ ਸਹਾਰਨਪੁਰ ਤੋਂ ਮੋਹਾਲੀ ਆਪਣੇ ਦੋਸਤਾਂ ਨੂੰ ਮਿਲਣ ਆਇਆ ਸੀ। ਉਸਦੀ ਦੋਸਤ ਰਿਧੀਮਾ ਗਰੋਵਰ ਇੱਥੇ ਖਰੜ ਵਿੱਚ ਕੰਮ ਕਰਦੀ ਸੀ। ਇਹ ਪੰਜੇ ਵਿਅਕਤੀ ਕਰੂਜ਼ ਕਾਰ ਵਿੱਚ ਜਾ ਰਹੇ ਸਨ ਤਾ ਅਚਾਨਕ ਹੀ ਉਨ੍ਹਾਂ ਦੀ ਕਾਰ ਅਸੰਤੁਲਿਤ ਹੋ ਗਈ ਅਤੇ ਦਰੱਖਤ ਨਾਲ ਜਾ ਟਕਰਾਈ। ਜਿਸ ਕਾਰਨ ਕਾਰ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਅਤੇ ਕਾਰ ਦੇ ਅੱਗੇ ਬੈਠੇ ਲੜਕੇ ਅਤੇ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉਨ੍ਹਾਂ ਇਹ ਵੀ ਦੱਸਿਆ ਕਿ ਸੂਚਨਾ ਮਿਲਣ ਦੇ ਬਾਅਦ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਨੁਕਸਾਨੀ ਕਾਰ ਨੂੰ ਵੀ ਕਬਜ਼ੇ ‘ਚ ਲੈ ਲਿਆ। ਐਤਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ।
ਤੇਜ਼ ਰਫਤਾਰ ਹਾਦਸੇ ਦਾ ਕਾਰਨ ਬਣੀ
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਬਹੁਤ ਤੇਜ਼ ਰਫਤਾਰ ‘ਤੇ ਸੀ। ਇਸ ਕਾਰਨ ਕਾਰ ਕਾਬੂ ਨਾ ਹੋ ਸਕੀ ਅਤੇ ਸਿੱਧੀ ਦਰੱਖਤ ਨਾਲ ਟਕਰਾ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਮੀਂਹ ਵੀ ਪੈ ਰਿਹਾ ਸੀ। ਇਹ ਲੋਕ ਖਰੜ ਵਾਲੇ ਪਾਸੇ ਤੋਂ ਆ ਰਹੇ ਸਨ ਅਤੇ ਜਦੋਂ ਸੈਕਟਰ-88/89 ਲਾਈਟ ਪੁਆਇੰਟ ਕੋਲ ਪਹੁੰਚੇ ਤਾਂ ਇਹ ਹਾਦਸਾ ਵਾਪਰ ਗਿਆ। ਇਹ ਵੀ ਜਾਪਦਾ ਹੈ ਕਿ ਹਾਦਸੇ ਦਾ ਕਾਰਨ ਇਹ ਸੀ ਕਿ ਬਰਸਾਤ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਕਾਰ ਚਾਲਕ ਕੱਟ ਨੂੰ ਨਹੀਂ ਦੇਖ ਸਕਿਆ ਅਤੇ ਤੇਜ਼ ਰਫਤਾਰ ਵਾਹਨ ਦਰੱਖਤ ਨਾਲ ਟਕਰਾ ਗਿਆ।
ਕਾਰ ਵਿਚ ਸਵਾਰ ਸਾਰੇ ਵਿਦਿਆਰਥੀਆਂ ਨੇ ਸੋਮਵਾਰ ਨੂੰ ਸਹਾਰਨਪੁਰ ਪਰਤਣਾ ਸੀ।
ਕਾਰ ਵਿੱਚ ਸਵਾਰ ਸਾਰੇ ਪੰਜ ਵਿਅਕਤੀ ਮੂਲ ਰੂਪ ਵਿੱਚ ਸਹਾਰਨਪੁਰ ਦੇ ਵਸਨੀਕ ਸਨ। 18 ਜਨਵਰੀ ਨੂੰ ਮ੍ਰਿਤਕ ਰਿਧੀਮਾ ਸੇਠੀ ਸਹਾਰਨਪੁਰ ਤੋਂ ਖਰੜ ਕੰਮ ਕਰਨ ਆਈ ਸੀ। ਸਕਸ਼ਮ ਇੱਕ ਦਿਨ ਪਹਿਲਾਂ ਆਪਣੇ ਤਿੰਨ ਦੋਸਤਾਂ ਨਾਲ ਇੱਥੇ ਮਿਲਣ ਆਇਆ ਸੀ ਅਤੇ ਉਹਨਾਂ ਸੋਮਵਾਰ ਨੂੰ ਵਾਪਸ ਸਹਾਰਨਪੁਰ ਜਾਣਾ ਸੀ । ਪਰ ਇਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ।