ਸਟੋਰ ਓਵਨ ਵਿੱਚ ਵਾਲਮਾਰਟ ਕਰਮਚਾਰੀ ਗੁਰਸਿਮਰਨ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਹੈਲੀਫੈਕਸ ਕਮਿਊਨਿਟੀ ਨੇ ਮੰਗਿਆ ਜਵਾਬ। ਹੈਲੀਫੈਕਸ ਵਾਲਮਾਰਟ ਦੀ 19 ਸਾਲਾ ਕਰਮਚਾਰੀ ਗੁਰਸਿਮਰਨ ਕੌਰ ਦੀ ਮੌਤ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ, ਜਿਸ ਦੀ ਲਾਸ਼ ਸਟੋਰ ਦੀ ਬੇਕਰੀ ਵਿੱਚ ਇੱਕ ਉਦਯੋਗਿਕ ਓਵਨ ਵਿੱਚੋਂ ਮਿਲੀ ਸੀ।ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਮਮਫੋਰਡ ਰੋਡ ‘ਤੇ ਵਾਲਮਾਰਟ ਅਜੇ ਵੀ ਬੰਦ ਹੈ, ਜਿਸਦੇ ਆਲੇ ਦੁਆਲੇ ਸਾਵਧਾਨੀ ਟੇਪ ਅਜੇ ਵੀ ਲੱਗੀ ਹੋਈ ਹੈ। ਇਸ ਦੌਰਾਨ ਮ੍ਰਿਤਕ ਕਰਮਚਾਰੀ ਦਾ ਪਰਿਵਾਰ ਅਤੇ ਭਾਈਚਾਰਾ ਦੁਖੀ ਅਤੇ ਨਿਰਾਸ਼ ਹੈ, ਜਿਨ੍ਹਾਂ ਦਾ ਇਸ ਘਟਨਾ ਨੂੰ ਲੈ ਕੇ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਹਾਦਸਾ ਕਿਵੇਂ ਅਤੇ ਕਿਉਂ ਹੋਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਦੇ ਚਲਦੇ ਉਹ ਆਪਣੇ ਆਪ ਨੂੰ ਹਨੇਰੇ ਵਿੱਚ ਮਹਿਸੂਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੌਰ ਦੀ ਮੌਤ 19 ਅਕਤੂਬਰ ਨੂੰ ਹੋਈ ਸੀ। ਪਰ ਹੁਣ ਤੱਕ ਪੁਲਿਸ ਇਸ ਘਟਨਾ ਨੂੰ ਅਚਾਨਕ ਹੋਈ ਮੌਤ ਦੱਸ ਰਹੀ ਹੈ।ਦੱਸਦਈਏ ਕਿ ਇਹ ਭਿਆਨਕ ਘਟਨਾ ਅੰਤਰਰਾਸ਼ਟਰੀ ਸੁਰਖੀਆਂ ਦਾ ਵੀ ਹਿੱਸਾ ਬਣ ਗਈ ਹੈ ਜੋ ਕੀ ਕੈਨੇਡਾ ਦੀਆਂ ਸਰਹੱਦਾਂ ਤੋਂ ਵੀ ਪਾਰ ਹੋ ਗਈ ਹੈ। ਜਿਸ ਦੇ ਚਲਦੇ ਕੁਝ ਲੋਕ ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੇ ਵਾਪਰਨ ਦਾ ਜਵਾਬ ਲੱਭ ਰਹੇ ਹਨ ਅਤੇ ਆਪਣੀਆਂ ਧਾਰਨਾਵਾਂ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੈਲੀਫੈਕਸ ਪੁਲਿਸ ਨੇ ਹੁਣ ਤੱਕ ਜੋ ਵੀ ਜਾਣਕਾਰੀ ਦਿੱਤੀ ਹੈ ਉਹ ਬਹੁਤ ਘੱਟ ਹੈ। ਉਥੇ ਹੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਉਹ ਮੌਤ ਦੇ ਕਾਰਨ ਅਤੇ ਇਹ ਦਰਦਨਾਕ ਹਾਦਸਾ ਕਿਵੇਂ ਵਾਪਰਿਆ ਇਸ ਦਾ ਪਤਾ ਲਗਾਉਣ ਲਈ ਹੋਰ ਏਜੰਸੀਆਂ ਨਾਲ ਕੰਮ ਕਰ ਰਹੀ ਹੈ।ਇਸ ਦੌਰਾਨ, ਪਰਿਵਾਰ ਦਾ ਕਹਿਣਾ ਹੈ ਕਿ ਉਹ ਜਵਾਬਾਂ ਦੀ ਉਡੀਕ ਕਰ ਰਹੇ ਹਨ ਅਤੇ ਭਾਈਚਾਰੇ ਦਾ ਮੰਨਣਾ ਹੈ ਕਿ ਵਾਲਮਾਰਟ ਨੇ ਉਨ੍ਹਾਂ ਦੇ ਦਰਦ ਨੂੰ ਘੱਟ ਕਰਨ ਵਿੱਚ ਕੋਈ ਮਦਦ ਨਹੀਂ ਕੀਤੀ ਹੈ