ਲਿਥੂਏਨੀਆ ਦੀ ਰਾਜਧਾਨੀ ਵਿਲਨੀਅਸ ਵਿੱਚ ਇੱਕ DHL ਕਾਰਗੋ ਪਲੇਨ ਹਾਦਸਾਗ੍ਰਸਤ ਹੋਇਆ। ਜਾਣਕਾਰੀ ਮੁਤਾਬਕ ਪਲੇਨ ਲੈਂਡ ਹੋਣ ਤੋਂ ਪਹਿਲਾਂ ਹਾਊਸਿੰਗ ਇਲਾਕੇ ‘ਚ ਡਿੱਗ ਕੇ ਇੱਕ ਘਰ ਨਾਲ ਟਕਰਾਇਆ। ਇਸ ਹਾਦਸੇ ‘ਚ ਇੱਕ ਸਪੈਨਿਸ਼ ਕਰਮਚਾਰੀ ਦੀ ਮੌਤ ਹੋ ਗਈ, ਜਦਕਿ ਜ਼ਮੀਨ ‘ਤੇ ਕਿਸੇ ਨੂੰ ਵੀ ਸੱਟ ਨਹੀਂ ਆਈ। ਦੱਸਦਈਏ ਕਿ ਪਲੇਨ ‘ਤੇ ਸਵਾਰ ਬਾਕੀ ਤਿੰਨ ਕ੍ਰਿਊ ਮੈਂਬਰ ਜ਼ਖਮੀ ਹੋਏ ਹਨ। ਫਿਲਹਾਲ ਹਾਦਸੇ ਦੇ ਕਾਰਣਾਂ ਦੀ ਜਾਂਚ ਜਾਰੀ ਹੈ। ਰਿਪੋਰਟ ਮੁਤਾਬਕ ਜੋ ਸਰਵੀਲੈਂਸ ਵੀਡੀਓ ਸਾਹਮਣੇ ਆਈ ਹੈ ਉਸ ਵਿੱਚ ਪਲੇਨ ਨੂੰ ਸਧਾਰਨ ਤਰੀਕੇ ਨਾਲ ਲੈਂਡ ਹੁੰਦੇ ਹੋਏ ਵੇਖਿਆ ਗਿਆ, ਪਰ ਟਕਰਾਅ ਤੋਂ ਬਾਅਦ ਇੱਕ ਵੱਡੇ ਧਮਾਕੇ ਨਾਲ ਅੱਗ ਦੇ ਗੋਲੇ ਵਾਂਗ ਜਹਾਜ਼ ਫਟ ਪਿਆ। ਇਹ ਹਾਦਸਾ ਹਵਾਈ ਅੱਡੇ ਤੋਂ 1.5 ਕਿਲੋਮੀਟਰ ਦੂਰ ਵਾਪਰਿਆ। ਜਿਥੇ ਮੌਸਮ ਤਕਰੀਬਨ ਫ੍ਰੀਜ਼ਿੰਗ ਸੀ, ਅਤੇ ਹਵਾ ਵੀ 30 ਕਿਮੀ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀ ਸੀ। ਹਵਾਈ ਅੱਡੇ ਅਧਿਕਾਰੀਆਂ ਨੇ ਦੱਸਿਆ ਕਿ ਪਲੇਨ ਲਾਈਪਜ਼ਿਗ, ਜਰਮਨੀ ਤੋਂ ਆ ਰਿਹਾ ਸੀ। ਲਿਥੂਏਨੀਅਨ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਹਲਕਾ ਵਕੀਲ, ਬਲੈਕ ਬਾਕਸ, ਅਤੇ ਬਚੇ ਹੋਏ ਕ੍ਰਿਊ ਮੈਂਬਰਾਂ ਦੇ ਇੰਟਰਵਿਊ ਦੁਆਰਾ ਕੀਤੀ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਬਰ ਦੇ ਨਾਲ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਕਰਨ ਦੀ ਅਪੀਲ ਕੀਤੀ ਹੈ। ਉਥੇ ਹੀ ਅਧਿਕਾਰੀਆਂ ਵਲੋਂ ਹਾਦਸੇ ਦੇ ਨਾਲ ਜੁੜੇ ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।