ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੱਖੜੀ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਭਰ ਦੀਆਂ ਭੈਣਾਂ ਨੂੰ ਰੱਖੜੀ ਦੀ ਵਧਾਈ ਦਿੱਤੀ ਅਤੇ ਐਲਾਨ ਕੀਤਾ ਕਿ ਜਲਦੀ ਹੀ ਪੰਜਾਬ ਵਿੱਚ ਆਂਗਣਵਾੜੀ ਦੀਆਂ 3 ਹਜ਼ਾਰ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਵ-ਨਿਯੁਕਤ ਸੁਪਰਵਾਈਜ਼ਰ ਔਰਤਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਇਹ ਮੇਰੇ ਵੱਲੋਂ ਭੈਣਾਂ ਨੂੰ ਰੱਖੜੀ ਦਾ ਤੋਹਫਾ ਹੈ।
ਬਰਨਾਲਾ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਰੱਖੜੀ ਨੂੰ ਸਮਰਪਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਔਰਤਾਂ ਹਰ ਖੇਤਰ ਵਿੱਚ ਮੋਹਰੀ ਹਨ। ਪ੍ਰੀਖਿਆ ਦੇ ਨਤੀਜੇ ਹੋਣ, ਓਲੰਪਿਕ ਜਾਂ ਕੋਈ ਹੋਰ ਖੇਤਰ, ਔਰਤਾਂ ਆਪਣੀ ਮਿਹਨਤ ਅਤੇ ਲਗਨ ਨਾਲ ਝੰਡਾ ਗੱਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਭੈਣਾਂ ਨੂੰ ਬਹੁਤ ਵੱਡੀਆਂ ਕੁਰਸੀਆਂ ਉਡੀਕ ਰਹੀਆਂ ਹਨ। ਉਸ ਨੂੰ ਭਰੋਸਾ ਹੈ ਕਿ ਉਸ ਦੀਆਂ ਭੈਣਾਂ ਜਿੱਥੇ ਵੀ ਜਾਣਗੀਆਂ ਝੰਡਾ ਲਹਿਰਾਉਣਗੀਆਂ।