ਰੂਸ ਦੇ ਕਜ਼ਾਨ ਸ਼ਹਿਰ ਵਿੱਚ ਇੱਕ ਵੱਡਾ ਡਰੋਨ ਹਮਲਾ ਹੋਇਆ ਹੈ। ਰੂਸੀ ਮੀਡੀਆ ਮੁਤਾਬਕ ਡਰੋਨ ਨੇ ਕਜ਼ਾਨ ‘ਚ ਕਈ ਬਹੁ-ਮੰਜ਼ਿਲਾ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲਾ ਅਮਰੀਕਾ ਵਿੱਚ 2001 ਵਿੱਚ 11 ਸਤੰਬਰ ਦੇ ਹਮਲੇ ਵਾਂਗ ਕੀਤਾ ਗਿਆ ਹੈ। ਇਸ ਹਮਲੇ ‘ਚ ਹੋਏ ਨੁਕਸਾਨ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਪਰ ਜਿਸ ਤਰ੍ਹਾਂ ਨਾਲ ਡਰੋਨ ਰਿਹਾਇਸ਼ੀ ਇਮਾਰਤਾਂ ਨਾਲ ਟਕਰਾਏ ਅਤੇ ਇਮਾਰਤਾਂ ‘ਚ ਧਮਾਕੇ ਅਤੇ ਅੱਗ ਲੱਗ ਗਈ, ਉਸ ਨਾਲ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਹਮਲੇ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਰੂਸ ਦੇ ਕੁਰਸਕ ਖੇਤਰ ਦੇ ਰਿਲਸਕ ਸ਼ਹਿਰ ਵਿੱਚ ਯੂਕਰੇਨ ਦੇ ਮਿਜ਼ਾਈਲ ਹਮਲੇ ਵਿੱਚ ਇੱਕ ਬੱਚੇ ਸਮੇਤ ਛੇ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਹਮਲੇ ‘ਚ 10 ਹੋਰ ਲੋਕ ਜ਼ਖਮੀ ਵੀ ਹੋਏ ਹਨ।
ਯੂਕਰੇਨ ‘ਤੇ ਡਰੋਨ ਹਮਲੇ ਦੇ ਇਲਜ਼ਾਮ:
ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਮਲੇ ਯੂਕਰੇਨ ਵੱਲੋਂ ਕੀਤੇ ਗਏ ਸਨ। ਡਰੋਨ ਹਮਲਿਆਂ ਤੋਂ ਬਾਅਦ ਕਜ਼ਾਨ ਹਵਾਈ ਅੱਡੇ ‘ਤੇ ਹਵਾਈ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਜ਼ਾਨ ਸ਼ਹਿਰ ਰੂਸ ਦੀ ਰਾਜਧਾਨੀ ਮਾਸਕੋ ਤੋਂ ਲਗਭਗ 800 ਕਿਲੋਮੀਟਰ ਪੂਰਬ ਵਿੱਚ ਸਥਿਤ ਹੈ। ਇਹ ਡਰੋਨ ਹਮਲੇ ਕਜ਼ਾਨ ‘ਚ ਛੇ ਰਿਹਾਇਸ਼ੀ ਇਮਾਰਤਾਂ ‘ਤੇ ਹੋਏ। ਮੀਡੀਆ ਰਿਪੋਰਟਾਂ ਮੁਤਾਬਕ ਕਜ਼ਾਨ ਸ਼ਹਿਰ ਯੂਕਰੇਨ ਦੀ ਸਰਹੱਦ ਤੋਂ ਕਰੀਬ 900 ਕਿਲੋਮੀਟਰ ਪੂਰਬ ਵਿੱਚ ਸਥਿਤ ਹੈ ਅਤੇ ਇਸ ਤੋਂ ਪਹਿਲਾਂ ਵੀ ਯੂਕਰੇਨ ਵੱਲੋਂ ਕਜ਼ਾਨ ਵਿੱਚ ਡਰੋਨ ਹਮਲੇ ਕੀਤੇ ਜਾ ਚੁੱਕੇ ਹਨ। ਰੂਸੀ ਰੱਖਿਆ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬਲਾਂ ਨੇ ਯੂਕਰੇਨ ਦੇ 12 ਡਰੋਨ ਨਸ਼ਟ ਕਰ ਦਿੱਤੇ ਹਨ। ਯੂਕਰੇਨੀ ਮੀਡੀਆ ਦਾ ਦਾਅਵਾ ਹੈ ਕਿ ਬੀਤੀ ਰਾਤ ਰੂਸ ਦੇ ਰੋਸਟੋਵ ਵਿੱਚ ਦੋ ਤੇਲ ਡਿਪੂਆਂ ਵਿੱਚ ਅੱਗ ਲੱਗ ਗਈ। ਇਹ ਅੱਗ ਵੀ ਕਥਿਤ ਯੂਕਰੇਨੀ ਡਰੋਨ ਹਮਲੇ ਕਾਰਨ ਸ਼ੁਰੂ ਹੋਈ ਸੀ।