18 ਮਾਰਚ 2024: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮਹਿਲਾ ਪ੍ਰੀਮੀਅਰ ਲੀਗ ‘ਚ ਆਪਣਾ ਪਹਿਲਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਲੀਗ ‘ਚ ਦਿੱਲੀ ‘ਤੇ ਬੈਂਗਲੁਰੂ ਦੀ ਇਹ ਪਹਿਲੀ ਜਿੱਤ ਹੈ। ਦੋਵਾਂ ਨੇ ਹੁਣ ਤੱਕ 5 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ 4 ਦਿੱਲੀ ਦੇ ਨਾਂ ਹੋਏ ਹਨ।
ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਐਤਵਾਰ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਦਿੱਲੀ ਕੈਪੀਟਲਸ ਦੀ ਟੀਮ 18.3 ਓਵਰਾਂ ‘ਚ 113 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਬੈਂਗਲੁਰੂ ਨੇ 19.3 ਓਵਰਾਂ ‘ਚ 2 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ। ਐਲਿਸ ਪੇਰੀ ਨੇ ਨਾਬਾਦ 35 ਅਤੇ ਰਿਚਾ ਘੋਸ਼ ਨੇ ਨਾਬਾਦ 17 ਦੌੜਾਂ ਦਾ ਯੋਗਦਾਨ ਪਾਇਆ। ਸੋਫੀ ਡਿਵਾਈਨ ਨੇ 32 ਅਤੇ ਕਪਤਾਨ ਸਮ੍ਰਿਤੀ ਮੰਧਾਨਾ ਨੇ 31 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਦਿੱਲੀ ਦੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ 27 ਗੇਂਦਾਂ ‘ਤੇ 44 ਦੌੜਾਂ ਦੀ ਪਾਰੀ ਖੇਡੀ, ਜਦਕਿ ਕਪਤਾਨ ਮੇਗ ਲੈਨਿੰਗ ਨੇ 23 ਦੌੜਾਂ ਦਾ ਯੋਗਦਾਨ ਦਿੱਤਾ। ਸ਼੍ਰੇਅੰਕਾ ਪਾਟਿਲ ਨੇ 4 ਵਿਕਟਾਂ ਲਈਆਂ, ਜਦਕਿ ਸੋਫੀ ਮੋਲੀਨੇਕਸ ਨੇ ਇਕ ਓਵਰ ਵਿਚ 3 ਵਿਕਟਾਂ ਲਈਆਂ। ਉਸ ਨੂੰ ਮੈਚ ਦਾ ਖਿਡਾਰੀ ਚੁਣਿਆ ਗਿਆ।