ਯੂਕਰੇਨ ਨੇ ਮਾਸਕੋ ‘ਤੇ ਕੀਤਾ ਸਭ ਤੋਂ ਵੱਡਾ ਡਰੋਨ ਹਮਲਾ, ਇੱਕ ਦੀ ਮੌਤ ਅਤੇ ਉਡਾਣਾਂ ਵਿੱਚ ਪਿਆ ਵਿਘਨ। ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੇ ਤਣਾਅ ਵਿਚਾਲੇ ਯੂਕਰੇਨ ਨੇ ਮਾਸਕੋ ‘ਤੇ ਆਪਣਾ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ, ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਘਰਾਂ ਨੂੰ ਨੁਕਸਾਨ ਪਹੁੰਚਿਆ, ਅਤੇ ਵੱਡੀਆਂ ਉਡਾਣਾਂ ਵਿੱਚ ਵਿਘਨ ਪਿਆ। ਇਸ ਹਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਰੂਸ ਨੇ ਕਿਹਾ ਕਿ ਉਸਨੇ ਮਾਸਕੋ ਖੇਤਰ ਵਿੱਚ ਘੱਟੋ ਘੱਟ 20 ਯੂਕਰੇਨੀ ਡਰੋਨਾਂ ਨੂੰ ਨਸ਼ਟ ਕਰ ਦਿੱਤਾ, ਅੱਠ ਹੋਰ ਖੇਤਰਾਂ ਵਿੱਚ 124 ਹੋਰ ਡਰੋਨ ਅਟੈਕ ਰੋਕੇ ਗਏ। ਰਿਪੋਰਟ ਮੁਤਾਬਕ ਇਸ ਹਮਲੇ ਤੋਂ ਬਾਅਦ ਮਾਸਕੋ ਦੇ ਹਵਾਈ ਅੱਡੇ ਛੇ ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਹੇ, ਜਿਸ ਨਾਲ ਲਗਭਗ 50 ਉਡਾਣਾਂ ਪ੍ਰਭਾਵਿਤ ਹੋਈਆਂ। ਇਸ ਦੌਰਾਨ ਕ੍ਰੇਮਲਿਨ ਦੇ ਬੁਲਾਰੇ ਡਮਿਟ੍ਰੀ ਪੇਸਕੋਵ ਨੇ ਹਮਲਿਆਂ ਦੀ ਨਿੰਦਾ ਕਰਦੇ ਹੋਏ ਯੂਕਰੇਨ ਦੀ ਅਗਵਾਈ ਨੂੰ ਰੂਸ ਦਾ ਦੁਸ਼ਮਣ ਦੱਸਿਆ। ਹਾਲਾਂਕਿ ਕੀਵ ਨੇ ਇਸ ਹਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਪਹਿਲਾਂ ਯੂਕਰੇਨ ‘ਤੇ ਰੂਸ ਦੇ ਚੱਲ ਰਹੇ ਹਮਲੇ ਦੇ ਬਦਲੇ ਵਜੋਂ ਰੂਸੀ ਖੇਤਰ ਵਿੱਚ ਡੂੰਘੇ ਹਮਲੇ ਕਰਨ ਦੇ ਆਪਣੇ ਅਧਿਕਾਰ ‘ਤੇ ਜ਼ੋਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਯੂਕਰੇਨ ਅਤੇ ਰੂਸ ਵਿਚਕਾਰ ਡਰੋਨ ਯੁੱਧ ਵਧਦਾ ਜਾ ਰਿਹਾ ਹੈ, ਜਿਸ ਵਿੱਚ ਦੋਵੇਂ ਧਿਰਾਂ ਫੌਜੀ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਡਰੋਨ ਦੀ ਵਰਤੋਂ ਕਰ ਰਹੀਆਂ ਹਨ। ਰੂਸ ਨੇ ਪੂਰੇ ਯੁੱਧ ਦੌਰਾਨ ਯੂਕਰੇਨ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਹੈ, ਜਦਕਿ ਯੂਕਰੇਨ ਨੇ ਰੂਸ ਦੇ ਅੰਦਰ ਡਰੋਨ ਹਮਲੇ ਵਧਾ ਦਿੱਤੇ ਹਨ।