ਪੰਜਾਬ ਵਿੱਚ ਅਜੇ ਮਾਨਸੂਨ ਦਾ ਪ੍ਰਭਾਵ ਜਾਰੀ ਹੈ। ਸਤੰਬਰ ਦੇ ਤੀਜੇ ਹਫ਼ਤੇ ਤੱਕ ਹਲਕੀ ਬਾਰਸ਼ ਹੁੰਦੀ ਰਹਿ ਸਕਦੀ ਹੈ। ਬੇਸ਼ੱਕ ਭਰਵੀਂ ਬਾਰਸ਼ ਦੀ ਕੋਈ ਉਮੀਦ ਨਹੀਂ ਪਰ ਕੁਝ ਥਾਵਾਂ ‘ਤੇ ਅੰਸ਼ਕ ਬੱਦਲ ਛਾਏ ਰਹਿਣਗੇ ਤੇ ਹਲਕੀ ਬਾਰਸ਼ ਜ਼ਰੂਰ ਦੇਖਣ ਨੂੰ ਮਿਲੇਗੀ। ਮੌਸਮ ਵਿਭਾਗ ਅਨੁਸਾਰ ਅੱਜ ਸੋਮਵਾਰ ਨੂੰ ਵੀ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।
ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਤੰਬਰ ਦੇ ਅਖੀਰਲੇ ਦਿਨਾਂ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਪੰਜਾਬ ਵਿੱਚੋਂ ਮਾਨਸੂਨ ਦਾ ਰਵਾਨਗੀ ਸੰਭਵ ਹੈ। ਇਸ ਲਈ 25 ਸਤੰਬਰ ਤੱਕ ਬੱਦਲਵਾਈ ਰਹੇਗੀ ਤੇ ਮਾਨਸੂਨ ਦਾ ਹਲਕਾ ਪ੍ਰਭਾਵ ਦੇਖਣ ਨੂੰ ਮਿਲਦਾ ਰਹੇਗਾ। ਪਿਛਲੇ 14 ਸਾਲਾਂ ਵਿੱਚ ਅਕਤੂਬਰ ਮਹੀਨੇ ਮਾਨਸੂਨ ਨੇ ਸੂਬੇ ਨੂੰ ਚਾਰ ਵਾਰ ਅਲਵਿਦਾ ਕਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਐਤਵਾਰ ਨੂੰ ਵੀ ਸੂਬੇ ਦੇ 13 ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਸਤੰਬਰ ਮਹੀਨੇ ਦੀ ਗੱਲ ਕਰੀਏ ਤਾਂ 14 ਸਾਲਾਂ ਵਿੱਚ ਤੀਜੀ ਵਾਰ ਸੂਬੇ ਵਿੱਚ ਇੰਨੀ ਘੱਟ ਬਾਰਸ਼ (16.8 ਮਿਲੀਮੀਟਰ) ਦਰਜ ਕੀਤੀ ਗਈ ਹੈ। ਇਸ ਮਹੀਨੇ ਦੇ ਪਹਿਲੇ 12 ਦਿਨ ਮਾਨਸੂਨ ਕਮਜ਼ੋਰ ਰਹੀ।
ਇਸ ਤੋਂ ਬਾਅਦ 13 ਸਤੰਬਰ ਤੋਂ ਮਾਨਸੂਨ ਮੁੜ ਸਰਗਰਮ ਹੁੰਦੀ ਨਜ਼ਰ ਆਈ। ਇਸ ਦਾ ਅਸਰ 25 ਸਤੰਬਰ ਤੱਕ ਦਿਖਾਈ ਦੇਵੇਗਾ। ਦੱਸ ਦਈਏ ਕਿ ਇਸ ਸਮੇਂ ਸੂਬੇ ‘ਚ 1 ਜੂਨ ਤੋਂ 16 ਸਤੰਬਰ ਤੱਕ 367.2 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ, ਜੋ ਆਮ ਨਾਲੋਂ 11 ਫੀਸਦੀ ਘੱਟ ਹੈ
ਦੱਸ ਦੇਈਏ ਕਿ ਐਤਵਾਰ ਸਵੇਰ ਤੋਂ ਹੀ ਅਸਮਾਨ ‘ਚ ਸੰਘਣੇ ਬੱਦਲ ਦੇਖਣ ਨੂੰ ਮਿਲੇ। ਇਸ ਦੌਰਾਨ 13 ਜ਼ਿਲ੍ਹਿਆਂ ‘ਚ ਸਵੇਰ ਤੋਂ ਸ਼ਾਮ ਤੱਕ ਬੂੰਦਾ-ਬਾਂਦੀ ਹੋਈ। ਲੁਧਿਆਣਾ ਤੇ ਫਰੀਦਕੋਟ ਵਿੱਚ 40 ਮਿਲੀਮੀਟਰ, ਪਟਿਆਲਾ ਵਿੱਚ 34 ਮਿਲੀਮੀਟਰ, ਅੰਮ੍ਰਿਤਸਰ ਵਿੱਚ 31 ਮਿਲੀਮੀਟਰ, ਐਸਬੀਐਸ ਨਗਰ ਵਿੱਚ 12 ਮਿਲੀਮੀਟਰ, ਰੋਪੜ ਵਿੱਚ 10 ਮਿਲੀਮੀਟਰ, ਗੁਰਦਾਸਪੁਰ ਵਿੱਚ 8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਦਰਜ ਕੀਤੀ ਗਈ। ਇਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਵੀ 8 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ।