ਨੇੜਲੇ ਪਿੰਡ ਮਾਣੂੰਕੇ ਤੋਂ ਭੰਮੀਪੁਰਾ ਕਲਾਂ ਵਾਲੇ ਰਸਤੇ ‘ਤੇ ਦੋ ਮੋਟਰ ਸਾਈਕਲਾਂ ਦੀ ਭਿਆਨਕ ਟੱਕਰ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਮਨੋਹਰ ਲਾਲ ਨੇ ਦੱਸਿਆ ਕਿ ਅਮਨਦੀਪ ਸਿੰਘ (40) ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਾਣੂੰਕੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਪਿੰਡ ਮਾਣੂੰਕੇ ਵੱਲ ਨੂੰ ਆ ਰਿਹਾ ਸੀ ਅਤੇ ਦੂਜੇ ਪਾਸਿਓਂ ਕਮਲਜੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਜੱਟਪੁਰਾ ਆਪਣੀ ਪਤਨੀ ਨਾਲ ਭੰਮੀਪੁਰਾ ਵੱਲ ਨੂੰ ਜਾ ਰਿਹਾ ਸੀ। ਦੋਵਾਂ ਮੋਟਰ ਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋਣ ਨਾਲ ਮੋਟਰ ਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਦੋਵੇਂ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਕਮਲਜੀਤ ਸਿੰਘ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਅਤੇ ਉਸਦੀ ਪਤਨੀ ਦੇ ਵੀ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਇਸ ਦੁਖਦਾਈ ਘਟਨਾ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਹੈ।