ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਮਾਨਸੂਨ ਲਈ ਛੇ ਤੋਂ ਅੱਠ ਦਿਨ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਮਾਨਸੂਨ 27 ਤੋਂ 30 ਜੂਨ ਦਰਮਿਆਨ ਕਿਸੇ ਵੀ ਸਮੇਂ ਹਰਿਆਣਾ ਪਹੁੰਚ ਸਕਦਾ ਹੈ। ਸੂਬੇ ਵਿੱਚ 26 ਜੂਨ ਤੋਂ ਹਲਕੀ ਬਾਰਿਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਰ ਇਸ ਤੋਂ ਪਹਿਲਾਂ 24 ਅਤੇ 25 ਜੂਨ ਨੂੰ ਕੁਝ ਇਲਾਕਿਆਂ ‘ਚ ਫਿਰ ਤੋਂ ਹੀਟ ਵੇਵ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ 45 ਡਿਗਰੀ ਤੱਕ ਵੀ ਪਹੁੰਚ ਸਕਦਾ ਹੈ।
ਹਰਿਆਣਾ ਦੇ ਲੋਕਾਂ ਨੂੰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਕੁਝ ਸ਼ਹਿਰਾਂ ‘ਚ ਮੀਂਹ ਕਾਰਨ ਗਰਮੀ ਦਾ ਕਹਿਰ ਸ਼ਾਂਤ ਹੋ ਗਿਆ ਸੀ ਅਤੇ ਜ਼ਿਆਦਾਤਰ ਸ਼ਹਿਰਾਂ ‘ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਗਿਆ ਸੀ। ਸ਼ਨੀਵਾਰ ਨੂੰ ਵੀ ਕੁਝ ਸ਼ਹਿਰਾਂ ‘ਚ ਮੀਂਹ ਦਰਜ ਕੀਤਾ ਗਿਆ। ਗੁਰੂਗ੍ਰਾਮ ‘ਚ 4 ਮਿਲੀਮੀਟਰ ਅਤੇ ਮੇਵਾਤ ‘ਚ 12.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤ ਵਾਧਾ 2.8 ਡਿਗਰੀ ਸੈਲਸੀਅਸ ਸੀ।