ਮਨੁੱਖੀ ਤਸਕਰੀ ਦੀ ਮੁੱਖ ਜਾਂਚ ਵਿੱਚ ਦੋ ਕੈਨੇਡੀਅਨਾਂ ਨੂੰ ਚਾਰਜ ਕੀਤਾ ਗਿਆ।ਕੈਨੇਡਾ ਵਿੱਚ ਪ੍ਰੋਜੈਕਟ ਨੇਬੂਲਾ ਵਜੋਂ ਜਾਣੀ ਜਾਂਦੀ 10 ਮਹੀਨਿਆਂ ਦੀ ਜਾਂਚ ਤੋਂ ਬਾਅਦ ਦੋ ਵਿਅਕਤੀਆਂ ਨੂੰ 36 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿੱਚ 17 ਮਨੁੱਖੀ ਤਸਕਰੀ ਦੇ ਮਾਮਲਿਆਂ ਨਾਲ ਸਬੰਧਤ ਹਨ। ਜਾਣਕਾਰੀ ਮੁਤਾਬਕ ਪ੍ਰੋਵਿੰਸ਼ੀਅਲ ਹਿਊਮਨ ਟਰੈਫਿਕਿੰਗ ਇੰਟੈਲੀਜੈਂਸ ਦੀ ਅਗਵਾਈ ਵਾਲੀ ਜੁਆਇੰਟ ਫੋਰਸਿਜ਼ ਸਟ੍ਰੈਟਜੀ (IJFS) ਦੀ ਜਾਂਚ ਪੂਰਬੀ ਓਨਟਾਰੀਓ ਵਿੱਚ ਸ਼ੁਰੂ ਹੋਈ ਅਤੇ ਦੱਖਣੀ ਓਨਟਾਰੀਓ, ਕਬੈਕ ਅਤੇ ਨੋਵਾ ਸਕੋਸ਼ਾ ਤੱਕ ਫੈਲੀ ਤਸਕਰੀ ਦੀਆਂ ਕਾਰਵਾਈਆਂ ਦਾ ਖੁਲਾਸਾ ਹੋਇਆ। ਆਈਜੇਐਫਐਸ, ਜਿਸ ਵਿੱਚ 20 ਪੁਲਿਸ ਏਜੰਸੀਆਂ ਸ਼ਾਮਲ ਹਨ, ਨੇ ਜਾਂਚ ਦੌਰਾਨ ਪੀੜਤ ਤਿੰਨ ਔਰਤਾਂ ਦੀ ਪਛਾਣ ਕੀਤੀ। ਇਸ ਮਾਮਲੇ ਵਿੱਚ ਬਰੈਂਪਟਨ ਦੇ ਰਹਿਣ ਵਾਲੇ 45 ਸਾਲਾ ਅਤੇ ਸਿਡਨੀ, ਐਨ.ਐਸ. ਦੇ ਰਹਿਣ ਵਾਲੇ 33 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੋਸ਼ੀਆਂ ਦਾ ਪ੍ਰਕਾਸ਼ਨ ਪਾਬੰਦੀ ਕਾਰਨ ਨਾਮ ਨਹੀਂ ਲਿਆ ਗਿਆ ਹੈ। ਉਨ੍ਹਾਂ ਖ਼ਿਲਾਫ਼ ਦੋਸ਼ਾਂ ਦੀ ਅਦਾਲਤ ਵਿੱਚ ਜਾਂਚ ਹੋਣੀ ਬਾਕੀ ਹੈ। ਇਸ ਦੌਰਾਨ ਅਧਿਕਾਰੀਆਂ ਨੇ ਪੀੜਤਾਂ ਨੂੰ ਇੱਕ ਵਿਸ਼ੇਸ਼ ਸਹਾਇਤਾ ਪ੍ਰੋਗਰਾਮ ਨਾਲ ਜੋੜਿਆ ਹੈ ਅਤੇ ਮਨੁੱਖੀ ਤਸਕਰੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਥਾਨਕ ਪੁਲਿਸ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਹੈ।