14 ਮਾਰਚ 2024: ਪਾਕਿਸਤਾਨ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਤਰਨਤਾਰਨ ਅਧੀਨ ਪੈਂਦੀ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਡਰੋਨ ਰਾਹੀਂ ਭੇਜੀ ਗਈ 3 ਕਿਲੋ ਹੈਰੋਇਨ ਨੂੰ ਥਾਣਾ ਖੇਮਕਰਨ ਦੀ ਪੁਲਿਸ ਅਤੇ ਬੀ.ਐੱਸ.ਐੱਫ. ਨੇ ਬਰਾਮਦ ਕੀਤਾ ਹੈ।
ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐਸ.ਪੀ. ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਰਹੱਦੀ ਖੇਤਰ ਖੇਮਕਰਨ ਅਧੀਨ ਪੈਂਦੇ ਬੀ.ਓ.ਪੀ. ਟੀ-ਬੈਂਡ ਰਾਹੀਂ ਡਰੋਨ ਦੀ ਐਂਟਰੀ ਬਾਰੇ ਜਾਣਕਾਰੀ ਮਿਲੀ। ਇਸ ਦੌਰਾਨ ਬੀ. ਐੱਸ. ਐੱਫ. ਅਤੇ ਥਾਣਾ ਖੇਮਕਰਨ ਦੀ ਪੁਲਿਸ ਵੱਲੋਂ ਸਾਂਝਾ ਸਰਚ ਅਭਿਆਨ ਸ਼ੁਰੂ ਕੀਤਾ ਗਿਆ। ਪਿੰਡ ਮਹਿੰਦੀਪੁਰ ਵਿਖੇ ਸੁਰਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਮਹਿੰਦੀਪੁਰ ਦੇ ਘਰੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦਾ ਭਾਰੀ ਪੈਕੇਟ 2 ਕਿਲੋ 998 ਗ੍ਰਾਮ ਵਜਨੀ ਮੱਝਾਂ ਦੇ ਸ਼ੈੱਡ ਤੋਂ ਬਰਾਮਦ ਹੋਇਆ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਖੇਮਕਰਨ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਡਰੋਨ ਦੀ ਭਾਲ ਕੀਤੀ ਜਾ ਰਹੀ ਹੈ।