ਬਰਤਾਨੀਆ ਦੀਆਂ ਉੱਚ ਸਿੱਖਿਆ ਸੰਸਥਾਵਾਂ ਪ੍ਰਤੀ ਭਾਰਤੀ ਵਿਦਿਆਰਥੀਆਂ ਦੀ ਰੁਚੀ ਘਟਦੀ ਜਾ ਰਹੀ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਖਤਮ ਹੋਏ ਵਿੱਤੀ ਸਾਲ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ 1,16,455 ਸਪਾਂਸਰਡ ਸਟੱਡੀ ਵੀਜ਼ੇ ਜਾਰੀ ਕੀਤੇ ਗਏ, ਜੋ ਪਿਛਲੇ ਸਾਲ ਦੇ ਮੁਕਾਬਲੇ 21,717 ਘੱਟ ਹਨ। ਇਨ੍ਹਾਂ ਵਿਚੋਂ 94,149 ਵਿਦਿਆਰਥੀ ਮਾਸਟਰ ਡਿਗਰੀ ਕੋਰਸਾਂ ਲਈ ਬਰਤਾਨੀਆ ਪਹੁੰਚੇ ਅਤੇ ਮਾਸਟਰ ਪੱਧਰ ‘ਤੇ ਇਹ ਅੰਕੜਾ ਪਿਛਲੇ ਸਾਲ ਨਾਲੋਂ 21,800 ਘੱਟ ਹੈ।
ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ਓਐਨਐਸ) ‘ਤੇ ਆਧਾਰਿਤ ਯੂਕੇ ਹੋਮ ਆਫਿਸ ਦੇ ਅੰਕੜਿਆਂ ਅਨੁਸਾਰ ਦਸੰਬਰ 2023 ਤੱਕ ਯੂਕੇ ਵਿੱਚ ਪੜ੍ਹਨ ਲਈ ਭਾਰਤੀ ਵਿਦਿਆਰਥੀ ਬਿਨੈਕਾਰਾਂ ਦੀ ਗਿਣਤੀ ਵਿੱਚ 16 ਫੀਸਦੀ ਦੀ ਕਮੀ ਆਈ ਹੈ। ਇਹ 2022 ਦੇ ਮੁਕਾਬਲੇ ਨੈੱਟ ਮਾਈਗ੍ਰੇਸ਼ਨ ਵਿੱਚ 10 ਫੀਸਦੀ ਦੀ ਸਮੁੱਚੀ ਗਿਰਾਵਟ ਨੂੰ ਦਰਸਾਉਂਦਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਇਨ੍ਹਾਂ ਅੰਕੜਿਆਂ ਤੋਂ ਕਾਫੀ ਰਾਹਤ ਮਿਲੇਗੀ, ਕਿਉਂਕਿ ਉਨ੍ਹਾਂ ਨੇ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਪਰਵਾਸ ‘ਤੇ ਰੋਕ ਲਗਾਉਣ ਨੂੰ ਮੁੱਖ ਮੁੱਦਾ ਬਣਾਇਆ ਹੈ। ਹਾਲਾਂਕਿ, ਵਿਦਿਆਰਥੀ ਵੀਜ਼ਾ ਦੇ ਅੰਕੜੇ ਉਨ੍ਹਾਂ ਯੂਨੀਵਰਸਿਟੀਆਂ ਲਈ ਇੱਕ ਸਮੱਸਿਆ ਹਨ ਜੋ ਵਿਦੇਸ਼ੀ ਵਿਦਿਆਰਥੀਆਂ ਦੀਆਂ ਫੀਸਾਂ ‘ਤੇ ਨਿਰਭਰ ਕਰਦੀਆਂ ਹਨ।