ਫਰਵਰੀ 2024: ਜੰਮੂ ਦੇ ਕਠੂਆ ਸਟੇਸ਼ਨ ‘ਤੇ ਰੁਕੀ ਇਕ ਮਾਲ ਗੱਡੀ ਅਚਾਨਕ ਪਠਾਨਕੋਟ ਵੱਲ ਬਿਨਾਂ ਡਰਾਈਵਰ ਦੇ ਚੱਲਣ ਲੱਗੀ। ਹੁਸ਼ਿਆਰਪੁਰ ਦੇ ਅਣਖੀ ਬੱਸੀ ਨੇੜੇ ਰੇਲ ਗੱਡੀ ਨੂੰ ਰੋਕਿਆ ਗਿਆ। ਰੇਲਵੇ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ ਸਾਢੇ ਸੱਤ ਵਜੇ ਦੀ ਹੈ। ਮਾਲ ਗੱਡੀ ਵਿੱਚ ਦੋ ਇੰਜਣ ਵੀ ਸਨ। ਬਿਨਾਂ ਡਰਾਈਵਰ ਤੋਂ ਟਰੇਨ ਚੱਲਣ ਦੀ ਸੂਚਨਾ ਮਿਲਦਿਆਂ ਹੀ ਪੂਰੇ ਫ਼ਿਰੋਜ਼ਪੁਰ ਮੰਡਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਜੰਮੂ ਤਵੀ ਲਾਈਨ ਦੇ ਸਟੇਸ਼ਨਾਂ ’ਤੇ ਐਮਰਜੈਂਸੀ ਹੂਟਰ ਵੱਜਣੇ ਸ਼ੁਰੂ ਹੋ ਗਏ। ਤੁਰੰਤ ਹੀ ਮਾਲ ਗੱਡੀ ਦੇ ਪਿੱਛੇ ਦੁਰਘਟਨਾ ਰਾਹਤ ਟਰੇਨ ਨੂੰ ਵੀ ਭੇਜਿਆ ਗਿਆ। ਇਸ ਤੋਂ ਬਾਅਦ ਮਾਲ ਗੱਡੀ ਨੂੰ ਉਚੀ ਬੱਸੀ ਵਿਖੇ ਰੋਕ ਦਿੱਤਾ ਗਿਆ। ਟਰੇਨ ਦਾ ਇਕ ਇੰਜਣ ਬੰਦ ਹੋ ਗਿਆ ਅਤੇ ਦੂਜਾ ਇੰਜਣ ਚੱਲ ਰਿਹਾ ਸੀ।
ਮਾਲ ਗੱਡੀ 70 ਦੀ ਰਫ਼ਤਾਰ ਨਾਲ ਦੌੜੀ
ਮਾਲ ਗੱਡੀ ਕਠੂਆ ਤੋਂ ਹੁਸ਼ਿਆਰਪੁਰ ਦੇ ਉਚੀ ਬੱਸੀ ਤੱਕ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀ। ਇਸ ਦੀ ਸੂਚਨਾ ਮਿਲਦੇ ਹੀ ਅਧਿਕਾਰੀ ਹੈਰਾਨ ਰਹਿ ਗਏ। ਹਾਲਾਂਕਿ ਕਾਫੀ ਜੱਦੋ-ਜਹਿਦ ਤੋਂ ਬਾਅਦ ਅਧਿਕਾਰੀ ਮਾਲ ਗੱਡੀ ਨੂੰ ਰੋਕਣ ‘ਚ ਸਫਲ ਰਹੇ। ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਜੰਮੂ ਦੇ ਕਠੂਆ ਰੇਲਵੇ ਸਟੇਸ਼ਨ ‘ਤੇ ਮਾਲ ਗੱਡੀ ਖੜ੍ਹੀ ਸੀ ਅਤੇ ਇਸ ਦਾ ਇੰਜਣ ਚੱਲ ਰਿਹਾ ਸੀ। ਇਸ ਦੌਰਾਨ ਲੋਕੋ ਪਾਇਲਟ ਇੰਜਣ ਤੋਂ ਹੇਠਾਂ ਉਤਰ ਗਿਆ। ਇਸ ਦੌਰਾਨ ਮਾਲ ਗੱਡੀ ਬਿਨਾਂ ਲੋਕੋ ਪਾਇਲਟ ਦੇ ਚੱਲਣ ਲੱਗੀ। ਅਧਿਕਾਰੀਆਂ ਨੇ ਪਹਿਲਾਂ ਪਠਾਨਕੋਟ ਵਿੱਚ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਇਹਤਿਆਤ ਵਜੋਂ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਲਾਈਨ ਨੂੰ ਸਾਫ਼ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪਠਾਨਕੋਟ ਜਾਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ। ਮੁਕੇਰੀਆਂ ਨੇੜੇ ਵੀ ਮਾਲ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇੱਥੇ ਵੀ ਕੋਈ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਉੱਚੀ ਬੱਸੀ ਨੇੜੇ ਰੇਲ ਗੱਡੀ ਰੁਕਣ ‘ਤੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।