ਬਲਾਕ ਕਬੇਕੁਆ ਨੇ ਮੋਂਟਰੀਆਲ ਸੀਟ ਤੋਂ ਜ਼ਿਮਨੀ ਚੋਣ ਜਿੱਤੀ, ਟਰੂਡੋ ਦੀ ਪਾਰਟੀ ਨੂੰ ਇੱਕ ਵਾਰ ਫੇਰ ਮਿਲੀ ਹਾਰ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਲਸਾਲ-ਏਮਾਰਡ-ਵਰਡਨ ਰਾਈਡਿੰਗ ਵਿੱਚ ਹਾਲ ਹੀ ਵਿੱਚ ਹੋਈ ਜ਼ਿਮਨੀ ਚੋਣ ਦੌਰਾਨ ਬਲਾਕ ਕਬੇਕੁਆ ਤੋਂ ਮਾਂਟਰੀਅਲ ਵਿੱਚ ਇੱਕ ਮਹੱਤਵਪੂਰਨ ਸੀਟ ਗੁਆ ਦਿੱਤੀ ਹੈ। ਕਾਬਿਲੇਗੌਰ ਹੈ ਕਿ ਇਹ ਹਾਰ ਟੋਰਾਂਟੋ ਵਿੱਚ ਪਿਛਲੀਆਂ ਜ਼ਿਮਨੀ ਚੋਣਾਂ ਦੀ ਹਾਰ ਤੋਂ ਬਾਅਦ ਹੋਈ ਹੈ। ਜਿਸ ਦੇ ਚਲਦੇ ਟਰੂਡੋ ‘ਤੇ ਲੀਡਰ ਦਾ ਅਹੁਦਾ ਛੱਡਣ ਦਾ ਦਬਾਅ ਹੁਣ ਹੋਰ ਵੀ ਜ਼ਿਆਦਾ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਰਾਈਡਿੰਗ ਦਹਾਕਿਆਂ ਤੋਂ ਲਿਬਰਲ ਗੜ੍ਹ ਰਹੀ ਹੈ। ਰਿਪੋਰਟ ਮੁਤਾਬਕ ਮਾਂਟਰੀਅਲ ਜ਼ਿਮਨੀ ਚੋਣ ਤੋਂ ਇਲਾਵਾ, ਐਨਡੀਪੀ ਨੇ ਵਿਨੀਪੈਗ ਦੇ ਐਲਮਵੁੱਡ-ਟ੍ਰੈਂਸਕੋਨਾ ਵਿੱਚ ਆਪਣੀ ਸੀਟ ਬਰਕਰਾਰ ਰੱਖੀ, ਹਾਲਾਂਕਿ ਕੰਜ਼ਰਵੇਟਿਵਾਂ ਨੂੰ ਮਹੱਤਵਪੂਰਨ ਲਾਭ ਮਿਲਿਆ ਹੈ। ਦੱਸਦਈਏ ਕਿ ਐਨਡੀਪੀ 48.1% ਵੋਟਾਂ ਨਾਲ ਜਿੱਤਣ ਵਿੱਚ ਕਾਮਯਾਬ ਰਹੀ, ਪਰ ਉਥੇ ਹੀ ਕੰਜ਼ਰਵੇਟਿਵਜ਼ ਵੀ, ਪਿਛਲੀਆਂ ਚੋਣਾਂ ਤੋਂ ਬਾਅਦ ਆਪਣਾ ਸਮਰਥਨ 28% ਤੋਂ ਵਧਾ ਕੇ 44% ਤੱਕ ਲਿਆਉਣ ਵਿੱਚ ਕਾਮਯਾਬ ਰਹੇ। ਕਾਬਿਲੇਗੌਰ ਹੈ ਕਿ ਇਹਨਾਂ ਨਤੀਜਿਆਂ ਨੂੰ ਕੈਨੇਡਾ ਵਿੱਚ ਸਿਆਸੀ ਰੁਝਾਨ ਬਦਲਣ ਦੇ ਸੰਕੇਤਾਂ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਵਿੱਚ ਵੋਟਰਾਂ ਵਿੱਚ ਵੱਧ ਰਹੀ ਅਸੰਤੁਸ਼ਟੀ ਸਾਫ ਨਜ਼ਰ ਆ ਰਹੀ ਹੈ।