11 ਸਵੱਛ ਊਰਜਾ ਪ੍ਰੋਜੈਕਟ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਲਬਰਟਾ ਵਿੱਚ ਸਥਿਤ ਹਨ, ਨੂੰ ਫੈਡਰਲ ਫੰਡਿੰਗ ਵਿੱਚ ਕੁੱਲ 11 ਮਿਲੀਅਨ ਡਾਲਰ ਪ੍ਰਾਪਤ ਕਰਨ ਲਈ ਚੁਣਿਆ ਗਿਆ ਹੈ। ਜਿਸ ਦਾ ਐਲਾਨ ਕੁਦਰਤੀ ਸਰੋਤ ਮੰਤਰੀ ਜੋਨਅਥਨ ਵਿਲਕਿਨਸਨ ਨੇ ਕੀਤਾ। ਇਹ ਐਲਾਨ ਕੈਲਗਰੀ ਵਿੱਚ ਕੀਤਾ ਗਿਆ ਜਿੱਥੇ ਉਹ ਸੂਬਾਈ ਅਤੇ ਖੇਤਰੀ ਮੰਤਰੀਆਂ ਨਾਲ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਏ। ਦੱਸਦਈਏ ਕਿ ਫੰਡਿੰਗ ਵਿੱਚੋਂ, 2.5 ਮਿਲੀਅਨ ਡਾਲਰ ਅਲਬਰਟਾ ਯੂਨੀਵਰਸਿਟੀ ਅਤੇ ਰਜੀਨਾ ਯੂਨੀਵਰਸਿਟੀ ਵਿੱਚ ਛੋਟੇ modular ਪ੍ਰਮਾਣੂ ਰਿਐਕਟਰ ਖੋਜ ਲਈ ਜਾਣਗੇ। ਤੇ ਬਾਕੀ ਬਚੇ 8.5 ਮਿਲੀਅਨ ਡਾਲਰ ਨੂੰ ਅਲਬਰਟਾ ਦੀਆਂ ਸੱਤ ਕੰਪਨੀਆਂ ਵਿਚਕਾਰ ਵੰਡਿਆ ਜਾਵੇਗਾ ਜੋ ਸਾਫ਼ ਹਾਈਡ੍ਰੋਜਨ ਵਿਕਾਸ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਹਨ। ਕਲੀਨ ਐਨਰਜੀ ਥਿੰਕ-ਟੈਂਕ ਪੇਮਬੀਨਾ ਇੰਸਟੀਚਿਊਟ ਅਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਇਸ ਦਹਾਕੇ ਵਿੱਚ ਆਪਣੇ ਨਿਕਾਸ ਨੂੰ ਮਹੱਤਵਪੂਰਨ ਤੌਰ ‘ਤੇ ਘਟਾਉਣ ਦੇ ਰਾਹ ‘ਤੇ ਹੈ, ਜੋ ਸਵੱਛ ਊਰਜਾ ਵੱਲ ਤਬਦੀਲੀ ਨੂੰ ਤੇਜ਼ ਕਰ ਰਹੀਆਂ ਹਨ। ਇਹ ਰਿਪੋਰਟ ਫੈਡਰਲ ਸਰਕਾਰ ਦੇ ਨਾਲ-ਨਾਲ ਬੀ.ਸੀ. ਅਤੇ ਕਬੈਕ ਦੀਆਂ ਸਰਕਾਰਾਂ ਨੂੰ ਊਰਜਾ ਪਰਿਵਰਤਨ ਦਾ ਸਮਰਥਨ ਕਰਨ ਲਈ ਵਧੇਰੇ ਅੰਕ ਦਿੰਦੀ ਹੈ, ਪਰ ਅਲਬਰਟਾ ਅਤੇ ਸਸਕੈਚਵਨ ਦੀਆਂ ਸਰਕਾਰਾਂ ਨੂੰ ਇਸ ਰਿਪੋਰਟ ਵਿੱਚ ਪਿੱਛੇ ਦੱਸਿਆ ਗਿਆ ਹੈ।