ਜਲੰਧਰ ‘ਚ ਫਿਲੌਰ ਪੁਲਸ ਨੇ ਹਾਈਟੈਕ ਨਾਕੇ ‘ਤੇ ਰੁਕੀ ਇਕ ਕਾਰ ‘ਚੋਂ ਭਾਰੀ ਮਾਤਰਾ ‘ਚ ਨਕਦੀ ਬਰਾਮਦ ਕੀਤੀ ਹੈ। ਇਹ ਰਕਮ 19.5 ਲੱਖ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਥਾਣਾ ਫਿਲੌਰ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਪੁਲੀਸ ਨੇ ਹਾਈਟੈਕ ਨਾਕੇ ’ਤੇ ਇੱਕ ਚਿੱਟੇ ਰੰਗ ਦੀ ਵੈਗਨਰ (ਪੀਬੀ 05 ਏਆਰ 0472) ਕਾਰ ਨੂੰ ਰੋਕ ਕੇ ਉਸ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਉਸ ਵਿੱਚੋਂ ਇੱਕ ਕਿੱਟ ਬੈਗ ਮਿਲਿਆ।
ਪੁਲਿਸ ਨੇ ਦੱਸਿਆ ਕਿ ਜਦੋਂ ਉਸ ਕਿੱਟ ਬੈਗ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 19,50,455 ਰੁਪਏ ਬਰਾਮਦ ਹੋਏ। ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਕਾਰ ਚਾਲਕ ਨੇ ਆਪਣਾ ਨਾਂ ਅਮਿਤ ਕੁਮਾਰ ਪੁੱਤਰ ਜੈਲਾਸ਼ ਚੰਦ ਵਾਸੀ ਫ਼ਿਰੋਜ਼ਪੁਰ ਛਾਉਣੀ ਅਤੇ ਸਾਥੀ ਅਨਿਲ ਕੁਮਾਰ ਪੁੱਤਰ ਲਕਸ਼ਮਣ ਦਾਸ ਵਾਸੀ ਫ਼ਿਰੋਜ਼ਪੁਰ ਛਾਉਣੀ ਅਤੇ ਦੀਪਕ ਕੋਹਲੀ ਪੁੱਤਰ ਲਕਸ਼ਮਣ ਦਾਸ ਵਾਸੀ ਫ਼ਿਰੋਜ਼ਪੁਰ ਛਾਉਣੀ ਵਜੋਂ ਦੱਸਿਆ। ਜਦੋਂ ਪੁਲਿਸ ਨੇ ਉਕਤ ਵਿਅਕਤੀਆਂ ਪਾਸੋਂ ਵੱਡੀ ਨਕਦੀ ਹੋਣ ਸਬੰਧੀ ਪੁੱਛਗਿੱਛ ਕੀਤੀ ਤਾਂ ਉਕਤ ਵਿਅਕਤੀ ਮੌਕੇ ‘ਤੇ ਕੋਈ ਵੀ ਦਸਤਾਵੇਜ਼ ਨਾ ਦਿਖਾ ਸਕੇ |