21 ਮਾਰਚ 2024: ਕੁਝ ਦਿਨ ਪਹਿਲਾਂ ਫਾਜ਼ਿਲਕਾ ਪੁਲਿਸ ਨੇ 38 ਮਾਮਲਿਆਂ ‘ਚ 2 ਲੱਖ ਰੁਪਏ ਦੀ ਰਾਸ਼ੀ ਵਾਲੇ ਭਗੌੜੇ ਅਪਰਾਧੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਰਿਮਾਂਡ ਦੌਰਾਨ ਪੁਲਿਸ ਨੇ ਉਸ ਕੋਲੋਂ ਲੈਪਟਾਪ, ਮੋਬਾਈਲ, ਏ.ਟੀ.ਐਮ, ਸਿਮ ਕਾਰਡ ਅਤੇ ਹੋਰ ਸਮਾਨ ਬਰਾਮਦ ਕੀਤਾ।
ਐਸਪੀ ਅਪਰੇਸ਼ਨ ਫਾਜ਼ਿਲਕਾ ਕਰਨਵੀਰ ਸਿੰਘ ਨੇ ਦੱਸਿਆ ਕਿ ਅਮਨ ਸਕੋਡਾ ‘ਤੇ ਧੋਖਾਧੜੀ ਤਹਿਤ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਕੇਸ ਦਰਜ ਹਨ ਅਤੇ ਉਹ ਕਾਫੀ ਸਮੇਂ ਤੋਂ ਭਗੌੜਾ ਸੀ। ਪਿਛਲੇ ਕਈ ਸਾਲਾਂ ਤੋਂ ਉਸ ਦੀ ਗ੍ਰਿਫ਼ਤਾਰੀ ਲਈ ਪੁਲੀਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣਾ ਟਿਕਾਣਾ ਬਦਲਦਾ ਰਿਹਾ।
ਫਾਜ਼ਿਲਕਾ ਪੁਲਿਸ ਨੇ ਉਸ ‘ਤੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਉਸ ਦੀ ਗ੍ਰਿਫਤਾਰੀ ਲਈ ਪੰਜਾਬ, ਪੰਚਕੂਲਾ, ਚੰਡੀਗੜ੍ਹ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਵਰਗੇ ਵੱਖ-ਵੱਖ ਸ਼ਹਿਰਾਂ/ਰਾਜਾਂ ਤੋਂ ਲਗਾਤਾਰ ਖੁਫੀਆ ਅਤੇ ਤਕਨੀਕੀ ਸਰੋਤਾਂ ਤੋਂ ਮਦਦ ਮੰਗੀ ਜਾ ਰਹੀ ਸੀ। ਜਿਸ ‘ਤੇ ਉਸ ਨੂੰ 15.03.2024 ਨੂੰ ਲੇਨ 14 ਰਵਿੰਦਰ ਪੁਰੀ, ਸਾਧੂਵਾਲਾ ਅਪਾਰਟਮੈਂਟ, ਵਾਰਾਣਸੀ (ਉੱਤਰ ਪ੍ਰਦੇਸ਼) ਤੋਂ ਗਿ੍ਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਗਈ |
ਜਿਸ ਤੋਂ ਬਾਅਦ ਉਸ ਕੋਲੋਂ 1 ਲੈਪਟਾਪ, 5 ਮੋਬਾਈਲ ਫੋਨ, 2 ਆਧਾਰ ਕਾਰਡ, 3 ਏ.ਟੀ.ਐਮ, 1 ਡਰਾਈਵਿੰਗ ਲਾਇਸੈਂਸ, 1 ਪੈਨ ਡਰਾਈਵ, 5 ਡਾਇਰੀਆਂ, 2 ਪਾਵਰ ਬੈਂਕ ਅਤੇ 5 ਸਿਮ ਕਾਰਡ ਬਰਾਮਦ ਹੋਏ ਹਨ। ਉਸ ਨੇ ਦੱਸਿਆ ਕਿ ਅਮਨ ਸਕੋਡਾ ਕੋਲੋਂ ਪੁੱਛਗਿੱਛ ਦੌਰਾਨ ਉਸ ਦੇ ਭਤੀਜੇ ਪ੍ਰਿੰਸ ਕੁਮਾਰ ਕੋਲੋਂ 2 ਮੈਗਜ਼ੀਨ ਅਤੇ 13 ਜਿੰਦਾ ਕਾਰਤੂਸ ਤੋਂ ਇਲਾਵਾ ਇਕ 32 ਬੋਰ ਦਾ ਪਿਸਤੌਲ, ਜਿਸ ਦਾ ਲਾਇਸੈਂਸ ਖਤਮ ਹੋ ਚੁੱਕਾ ਸੀ, ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਅਮਨਦੀਪ ਕੰਬੋਜ ਉਰਫ਼ ਅਮਨ ਸਕੋਡਾ ਖ਼ਿਲਾਫ਼ ਧਾਰਾ 307, 420, 384, 326, 365, 465, 467, 471, 120-ਬੀ ਆਈਪੀਸੀ ਅਤੇ 66, 67 ਆਈ.ਟੀ. ਐਕਟ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 39 ਕੇਸ ਦਰਜ ਹਨ।
ਮੁਲਜ਼ਮ ਅਮਨ ਸਕੋਡਾ 82 ਸੀਆਰਪੀਸੀ ਤਹਿਤ 8 ਕੇਸਾਂ ਵਿੱਚ ਮੁਲਜ਼ਮ ਹੈ ਅਤੇ 26 ਕੇਸਾਂ ਵਿੱਚ ਸੀਆਰਪੀਸੀ ਦੀ ਧਾਰਾ 299 ਤਹਿਤ ਭਗੌੜਾ ਸੀ। ਉਸ ਦੀ ਅਜੇ ਤੱਕ ਗ੍ਰਿਫ਼ਤਾਰੀ ਨਾ ਹੋਣ ਕਾਰਨ ਆਮ ਲੋਕਾਂ ਵਿੱਚ ਪੰਜਾਬ ਪੁਲੀਸ ਵਿਭਾਗ ਦਾ ਅਕਸ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਸੀ।