ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿੱਥੇ ਅਧਿਕਾਰੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ ਜਾਂਦੇ ਹਨ। ਅਜਿਹੀ ਹੀ ਇੱਕ ਖਬਰ ਪੰਜਾਬ ਤੋਂ ਸਾਹਮਣੇ ਆਈ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਤਹਿਤ ਵੀਰਵਾਰ ਨੂੰ ਪੀ.ਐਸ.ਪੀ.ਸੀ.ਐਲ ਦਫਤਰ ਫੋਕਲ ਪੁਆਇੰਟ ਬਟਾਲਾ, ਜਿਲਾ ਗੁਰਦਾਸਪੁਰ ਵਿਖੇ ਤਾਇਨਾਤ ਲਾਈਨਮੈਨ ਸੁਖਵਿੰਦਰ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਲਕਾਰ ਸਿੰਘ ਵਾਸੀ ਫੈਜ਼ਪੁਰਾ, ਤਹਿਸੀਲ ਬਟਾਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਲਾਈਨਮੈਨ ਸੁਖਵਿੰਦਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਲਾਈਨਮੈਨ ਸੁਖਵਿੰਦਰ ਸਿੰਘ ਨੇ ਉਸ ਦੇ ਘਰ ਦੇ ਨਵੇਂ ਬਿਜਲੀ ਕੁਨੈਕਸ਼ਨ ਸਬੰਧੀ ਸਹੀ ਰਿਪੋਰਟ ਭੇਜਣ ਦੇ ਬਦਲੇ 5,000 ਰੁਪਏ ਦੀ ਮੰਗ ਕੀਤੀ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਓਰੋ ਵੱਲੋਂ ਜਾਲ ਵਿਛਾਇਆ ਗਿਆ ਅਤੇ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।