ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੰਬਈ ਦੌਰੇ ‘ਤੇ ਹਨ। ਮਾਨ ਨੇ ਬੁੱਧਵਾਰ ਨੂੰ ਮੁੰਬਈ ਵਿੱਚ ਸਨ ਫਾਰਮਾ ਦੇ ਸੀਈਓ ਨਾਲ ਮੁਲਾਕਾਤ ਕੀਤੀ। ਸਨ ਫਾਰਮਾ ਦੇ ਸੀਈਓ ਨਾਲ ਇੱਕ ਮੁੱਖ ਚਰਚਾ ਵਿੱਚ, ਕੰਪਨੀ ਨੇ ਪੰਜਾਬ ਵਿੱਚ ਵਿਸਤਾਰ ਕਰਨ ਵਿੱਚ ਦਿਲਚਸਪੀ ਪ੍ਰਗਟਾਈ ਅਤੇ ਸੂਬੇ ਦੇ ਵਪਾਰਕ ਪੱਖੀ ਮਾਹੌਲ ਦੀ ਸ਼ਲਾਘਾ ਕੀਤੀ।
ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ ਵਿੱਚ ਹੁਣ ਤੱਕ 70 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ ਅਤੇ ਸਰਕਾਰ ਸੂਬੇ ਵਿੱਚ ਹੋਰ ਨਿਵੇਸ਼ ਵਧਾਉਣ ਲਈ ਯਤਨਸ਼ੀਲ ਹੈ।
ਮੁੱਖ ਮੰਤਰੀ ਮਾਨ ਨੇ ਮੰਗਲਵਾਰ ਨੂੰ ਆਪਣੇ ਪਰਿਵਾਰ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਸੂਬੇ ਦੀ ਤਰੱਕੀ ਅਤੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਬੇਟੀ ਨਿਆਮਤ ਕੌਰ ਵੀ ਮੁੱਖ ਮੰਤਰੀ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਪਵਿੱਤਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਿੱਖ ਧਰਮ ਦੇ ਪੰਜ ਸਰਵਉੱਚ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੋਂ ਕੌਮ ਨੂੰ ਅਧਿਆਤਮਿਕ, ਅਲੌਕਿਕ ਅਤੇ ਨੈਤਿਕ ਬਲ ਅਤੇ ਸੇਧ ਮਿਲਦੀ ਹੈ।