ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ 10 ਜੁਲਾਈ ਨੂੰ ਜ਼ਿਮਨੀ ਚੋਣ ਹੋਵੇਗੀ। ਇਹ ਸੀਟ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ। ਅੰਗੁਰਾਲ ਇਸ ਸੀਟ ਤੋਂ ‘ਆਪ’ ਦੀ ਟਿਕਟ ‘ਤੇ ਚੋਣ ਜਿੱਤੇ ਸਨ ਪਰ ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਉਹ ਭਾਜਪਾ ‘ਚ ਸ਼ਾਮਲ ਹੋ ਗਏ ਅਤੇ ਅਸਤੀਫਾ ਦੇ ਦਿੱਤਾ।
ਵੋਟਿੰਗ ਤੋਂ ਬਾਅਦ ਅੰਗੁਰਾਲ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਪਰ ਇਸ ਤੋਂ ਪਹਿਲਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਸਤੀਫਾ ਪ੍ਰਵਾਨ ਕਰ ਲਿਆ। ਇਸ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਵਿਧਾਨ ਸਭਾ ਸਕੱਤਰ ਵੱਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੂੰ ਵੀ ਭੇਜੀ ਗਈ ਸੀ, ਜਿਸ ਵਿੱਚ ਜਲੰਧਰ ਪੱਛਮੀ-34 ਨੰਬਰ ਸੀਟ 30 ਮਈ, 2024 ਤੋਂ ਖਾਲੀ ਦਿਖਾਈ ਗਈ ਸੀ।
ਅਸਤੀਫਾ ਵਾਪਸ ਲੈਣ ਤੋਂ ਪਹਿਲਾਂ ਅੰਗੁਰਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਮੋਦੀ ਦੇ ਪਰਿਵਾਰ ਦਾ ਟੈਗ ਹਟਾ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਵਾਪਸੀ ਦੀਆਂ ਅਟਕਲਾਂ ਲੱਗ ਰਹੀਆਂ ਸਨ। ਅੰਗੁਰਾਲ ਨੇ ਕਿਹਾ ਕਿ ਉਹ ਅਸਤੀਫਾ ਸਵੀਕਾਰ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣਗੇ। ਇਸ ਦੇ ਲਈ ਉਹ ਜਲਦੀ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨਗੇ। ਪਰ ਹੁਣ ਚੋਣ ਕਮਿਸ਼ਨ ਨੇ ਵਿਧਾਨ ਸਭਾ ਸੀਟ ‘ਤੇ ਉਪ ਚੋਣ ਦਾ ਐਲਾਨ ਕਰ ਦਿੱਤਾ ਹੈ।
ਨਾਮਜ਼ਦਗੀ ਫਾਰਮ 21 ਜੂਨ ਤੱਕ ਭਰੇ ਜਾਣਗੇ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ 14 ਜੂਨ ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 21 ਜੂਨ ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 24 ਜੂਨ ਨੂੰ ਹੋਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 26 ਜੂਨ ਹੈ। ਉਨ੍ਹਾਂ ਦੱਸਿਆ ਕਿ 10 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ 13 ਜੁਲਾਈ ਨੂੰ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ।
ਸਿਬਿਨ ਸੀ ਨੇ ਦੱਸਿਆ ਕਿ ਜ਼ਿਮਨੀ ਚੋਣ ਦੇ ਐਲਾਨ ਦੇ ਨਾਲ ਹੀ ਅੱਜ ਤੋਂ ਜਲੰਧਰ ਪੱਛਮੀ ਖੇਤਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਹ ਚੋਣ ਜ਼ਾਬਤਾ 15 ਜੁਲਾਈ ਤੱਕ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਲਾਗੂ ਰਹੇਗਾ।