ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੌਰਾਨ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਧਾਰਾਸ਼ਿਵ ਜ਼ਿਲੇ ‘ਚ ਇਕ ਪੋਲਿੰਗ ਬੂਥ ਦੇ ਬਾਹਰ ਚਾਕੂ ਨਾਲ ਹਮਲੇ ‘ਚ 27 ਸਾਲਾ ਲੜਕੇ ਦੀ ਮੌਤ ਹੋ ਗਈ ਅਤੇ ਉਸ ਦਾ ਦੋਸਤ ਜ਼ਖਮੀ ਹੋ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਹਮਲਾ ਨਿੱਜੀ ਦੁਸ਼ਮਣੀ ਕਾਰਨ ਕੀਤਾ ਗਿਆ ਅਤੇ ਇਸ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਦੱਸਿਆ ਕਿ ਪੀੜਤ ਸਮਾਧ ਨਾਨਾਸਾਹਿਬ ਪਵਾਰ ਅਤੇ ਉਸ ਦਾ ਦੋਸਤ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਸਨ ਤਾਂ ਮੁਲਜ਼ਮ ਗੌਰਵ ਉਰਫ ਲਾਲਿਆ ਨਾਇਕਨਵਾਰੇ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲੇ ਵਿੱਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਪਵਾਰ ਨੂੰ ਬਾਰਸ਼ੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ ਅਤੇ ਉਸਦੇ ਦੋਸਤ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਕਥਿਤ ਪ੍ਰੇਮ ਸਬੰਧਾਂ ਨੂੰ ਲੈ ਕੇ ਮੁਲਜ਼ਮ ਦਾ ਪਵਾਰ ਨਾਲ ਨਿੱਜੀ ਝਗੜਾ ਸੀ। ਅਧਿਕਾਰੀ ਨੇ ਦੱਸਿਆ ਕਿ ਭੂਮ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।