ਪੰਜਾਬ ਭਰ ਦੇ ਪੈਟਰੋਲ ਪੰਪ ਮਾਲਕਾਂ ਨੇ ਵੀ ਕਿਸਾਨਾਂ ਦੇ ਨਾਲ ਖੜ੍ਹਣ ਦਾ ਐਲਾਨ ਕੀਤਾ ਹੈ। ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਅੱਜ 15 ਫਰਵਰੀ ਨੂੰ ਪੈਟਰੋਲ ਡੀਜ਼ਲ ਨਾ ਖਰੀਦਣ ਦਾ ਵੀ ਫੈਸਲਾ ਕਰ ਲਿਆ ਹੈ। ਇਸ ਤੋਂ ਇਲਾਵਾ 16 ਤਾਰੀਖ਼ ਨੂੰ ਭਾਰਤ ਬੰਦ ਦੇ ਸੱਦੇ ਨੂੰ ਪੈਟਰੋਲ ਡੀਜ਼ਲ ਐਸੋਸੀਏਸ਼ਨ ਦੇ ਵੱਲੋਂ ਸਮਰਥਨ ਦਿੱਤਾ ਜਾਵੇਗਾ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਟਰੋਲ ਪੰਪ ਮਾਲਕ ਪਿਛਲੇ ਲਗਭਗ ਸੱਤ ਸਾਲਾਂ ਤੋਂ ਪੈਟਰੋਲ ਅਤੇ ਡੀਜ਼ਲ ਦਾ ਕਮਿਸ਼ਨ ਵਧਾਉਣ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਸਮੂਹ ਪੰਪ ਮਾਲਕਾਂ ਵਿੱਚ ਰੋਸ ਦਿਖਾਈ ਦੇ ਰਿਹਾ ਹੈ।
ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਦੇ ਹੋਏ 15 ਫਰਵਰੀ ਨੂੰ ਪੈਟਰੋਲੀਅਮ ਕੰਪਨੀਆਂ ਤੋਂ ਡੀਜ਼ਲ ਅਤੇ ਪੈਟਰੋਲ ਸਮੇਤ ਕੋਈ ਵੀ ਵਸਤੂ ਨਾ ਖਰੀਦਣ, 16 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪੰਪਾਂ ਤੇ ਤੇਲ ਨਾ ਵੇਚਣ ਅਤੇ 22 ਫਰਵਰੀ ਨੂੰ ਇੱਕ ਦਿਨ ਦੀ ਮੁਕੰਮਲ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ।