ਪੁਲਿਸ ਨੇ $3M GTA ਆਟੋ ਚੋਰੀ ਰਿੰਗ ਜਾਂਚ ਵਿੱਚ ਅੱਠ ਸ਼ੱਕੀਆਂ ਨੂੰ ਕੀਤਾ ਚਾਰਜ।ਹੈਲਟਨ ਰੀਜਨਲ ਪੁਲਿਸ ਨੇ ਇੱਕ ਗਰੁੱਪ ਨੂੰ ਬੇਨਕਾਬ ਕੀਤਾ ਹੈ ਜੋ ਕਿ ਗ੍ਰੇਟਰ ਟੋਰੋਂਟੋ ਏਰੀਆ ਅਤੇ ਹੈਲਟਨ ਰੀਜਨ ਵਿੱਚੋਂ 3 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੀਆਂ 40 ਤੋਂ ਜ਼ਿਆਦਾ ਮਹਿੰਗੀਆਂ ਗੱਡੀਆਂ ਚੋਰੀ ਕਰਨ ਲਈ ਜ਼ਿੰਮੇਵਾਰ ਸਨ। ਰਿਪੋਰਟ ਮੁਤਾਬਕ ਚੋਰੀ ਕੀਤੀਆਂ ਕਾਰਾਂ, ਮੁੱਖ ਤੌਰ ‘ਤੇ ਟੋਇਟਾ ਟਨਡਰਸ ਅਤੇ ਲੈਕਸਸ ਆਰਐਕਸ 350s, ਪ੍ਰਾਈਵੇਟ ਡਰਾਈਵ ਵੇਅ ਤੋਂ ਲਈਆਂ ਗਈਆਂ ਸਨ ਅਤੇ ਇਹਨਾਂ ਨੂੰ ਵਿਦੇਸ਼ ਭੇਜਣ ਦਾ ਇਰਾਦਾ ਸੀ। ਪੁਲਿਸ ਨੇ ਦੱਸਿਆ ਕਿ ਬਰਲਿੰਗਟਨ ਵਿੱਚ ਚੋਰੀ ਹੋਈ ਟੋਇਟਾ ਟੰਡਰਾ ਦੇ ਮਿਲਣ ਤੋਂ ਬਾਅਦ ਮਈ ਵਿੱਚ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਹੋਈ ਸੀ। ਪੁਲਿਸ ਨਿਗਰਾਨੀ ਤੋਂ ਪਤਾ ਲੱਗਿਆ ਹੈ ਕਿ ਸ਼ੱਕੀ ਵਿਅਕਤੀਆਂ ਨੇ ਚੋਰੀ ਹੋਏ ਵਾਹਨਾਂ ਨੂੰ ਸਮੁੰਦਰੀ ਕੰਟੇਨਰਾਂ ਜਾਂ ਗਟੇਡ ਆਰਵੀ ਵਿੱਚ ਲੁਕਾਉਣ ਵਰਗੇ ਤਰੀਕਿਆਂ ਦੀ ਵਰਤੋਂ ਕਰਦੇ ਹੋਏ, ਮਾਂਟਰੀਅਲ ਦੀ ਬੰਦਰਗਾਹ ਤੱਕ ਪਹੁੰਚਾਇਆ। ਅਫਸਰਾਂ ਨੇ ਇਹਨਾਂ ਵਿੱਚੋਂ ਇੱਕ ਵਾਹਨ ਨੂੰ ਸਕਾਰਬੋਰੋ ਵਿੱਚ ਰੋਕਿਆ, ਜਿਸ ਨਾਲ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹੁਣ ਤੱਕ 12 ਚੋਰੀ ਦੀਆਂ ਕਾਰਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮਾਮਲੇ ਵਿੱਚ ਕੁੱਲ 55 ਦੋਸ਼ਾਂ ਦੇ ਨਾਲ ਅੱਠ ਸ਼ੱਕੀਆਂ ਨੂੰ ਚਾਰਜ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ ਚਾਰ ਸ਼ੱਕੀ ਹਿਰਾਸਤ ‘ਚ ਹਨ, ਜਦਕਿ ਬਾਕੀ ਚਾਰ, ਕੈਨੇਡਾ-ਵਿਆਪੀ ਵਾਰੰਟਾਂ ‘ਤੇ ਲੋੜੀਂਦੇ ਹਨ। ਸ਼ੱਕੀ ਕਿਊਬਿਕ ਵਿੱਚ ਰਹਿਣ ਵਾਲੇ ਅਲਜੀਰੀਅਨ ਨਾਗਰਿਕ ਹਨ, ਅਤੇ ਪੁਲਿਸ ਦਾ ਮੰਨਣਾ ਹੈ ਕਿ ਉਹ ਇਹਨਾਂ ਚੋਰੀਆਂ ਲਈ ਖਾਸ ਤੌਰ ‘ਤੇ ਓਨਟਾਰੀਓ ਗਏ ਸੀ। ਇਸ ਮਾਮਲੇ ਚ ਜਾਂਚ ਅਜੇ ਵੀ ਜਾਰੀ ਹੈ।