20 ਮਾਰਚ 2024: ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਿੱਚ ਇਨ੍ਹੀਂ ਦਿਨੀਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਹਾਲ ਹੀ ‘ਚ ਮਾਂ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਆਪਣੇ ਛੋਟੇ ਬੇਟੇ ਦਾ ਨਾਂ ਆਪਣੇ ਵੱਡੇ ਬੇਟੇ ਦੇ ਨਾਂਅ ਤੋਂ ਹੀ ਸੁੱਭਦੀਪ ਸਿੰਘ ਸਿੱਧੂ ਹੀ ਰੱਖਿਆ ਹੈ। ਉਥੇ ਹੀ ਹੁਣ ਇਹ ਖਬਰ ਹੈ ਕਿ ਉਹ ਜਲਦ ਹੀ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ।
ਬਲਕੌਰ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਬੱਚਾ ਅਤੇ ਬੱਚੇ ਦੀ ਮਾਂ ਠੀਕ ਹੈ। ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ 5-7 ਦਿਨਾਂ ਵਿੱਚ ਜਲਦ ਹੀ ਰਿਲੀਜ਼ ਹੋਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੇਰੇ ਬੱਚੇ (ਸਿੱਧੂ ਮੂਸੇਵਾਲਾ) ਨੂੰ ਇਨਸਾਫ਼ ਨਹੀਂ ਮਿਲਿਆ।
ਹੁਣ ਲੋਕ ਸਭਾ ਚੋਣਾਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹ ਧਿਆਨ ਨਾਲ ਆਪਣੀ ਵੋਟ ਪਾਉਣ ਅਤੇ ਮੇਰੀ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ, ਨਾ ਕਾਂਗਰਸ, ਨਾ ਅਕਾਲੀ ਦਲ ਅਤੇ ਨਾ ਹੀ ਆਮ ਆਦਮੀ ਪਾਰਟੀ। ਮੈਂ ਸਿਰਫ ਆਪਣੇ ਬੱਚੇ ਦੇ ਇਨਸਾਫ ਲਈ ਲੜਦਾ ਰਹਾਂਗਾ ਅਤੇ ਲੜਦਾ ਰਹਾਂਗਾ, ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੋਚ ਸਮਝ ਕੇ ਆਪਣੀ ਵੋਟ ਪਾਉਣ।
ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਮਾਂ ਨੇ ਆਈਵੀਐਫ ਤਕਨੀਕ ਰਾਹੀਂ ਬੇਟੇ ਨੂੰ ਜਨਮ ਦਿੱਤਾ ਹੈ। 29 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਮੌਤ ਨੇ ਖੁਸ਼ ਮਾਪਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਨਾਲ ਪਰਿਵਾਰ ਵਿੱਚ ਇੱਕ ਵਾਰ ਫਿਰ ਖੁਸ਼ੀਆਂ ਪਰਤ ਆਈਆਂ ਹਨ।