ਦੇਸ਼ ‘ਚ ਪਿਆਜ਼ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਿਆਜ਼ ਦੇ ਰੇਟ ਘੱਟ ਨਹੀਂ ਹੋ ਰਹੇ। ਪਰ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਆਦਮੀ ਨੂੰ ਰਾਹਤ ਮਿਲ ਸਕਦੀ ਹੈ। ਅਗਲੇ ਕੁਝ ਦਿਨਾਂ ‘ਚ ਪਿਆਜ਼ ਦੀਆਂ ਕੀਮਤਾਂ ‘ਚ ਨਰਮੀ ਆ ਸਕਦੀ ਹੈ। ਸਰਕਾਰ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਦੀਵਾਲੀ ਅਤੇ ਛੱਠ ਕਾਰਨ ਮੰਡੀਆਂ ਬੰਦ ਹੋਣ ਅਤੇ ਮਜ਼ਦੂਰਾਂ ਦੀਆਂ ਛੁੱਟੀਆਂ ਕਾਰਨ ਪਿਆਜ਼ ਦੀਆਂ ਕੀਮਤਾਂ ਵਧੀਆਂ ਹਨ। ਹਾਲਾਂਕਿ ਹੁਣ ਇਨ੍ਹਾਂ ਦੀਆਂ ਕੀਮਤਾਂ ‘ਚ ਨਰਮੀ ਆਉਣੀ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਸਥਿਤੀ ‘ਚ ਸੁਧਾਰ ਹੋਵੇਗਾ।
ਇਸ ਸਾਲ ਹਾੜੀ ਦੀ ਫ਼ਸਲ ਵਿੱਚ ਪਿਆਜ਼ ਦੀ ਪੈਦਾਵਾਰ ਘੱਟ ਹੋਣ ਅਤੇ ਮੌਨਸੂਨ ਵਿੱਚ ਪਿਆਜ਼ ਦੀ ਫ਼ਸਲ ਦੇ ਖ਼ਰਾਬ ਹੋਣ ਕਾਰਨ ਇਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਪਰ ਹੁਣ ਬਾਜ਼ਾਰ ‘ਚ ਸਾਉਣੀ ਦੀ ਫਸਲ ਆਉਣ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਸਮੇਂ ਦੇਸ਼ ਭਰ ਵਿੱਚ ਪਿਆਜ਼ ਦੀ ਕੀਮਤ 54 ਰੁਪਏ ਪ੍ਰਤੀ ਕਿਲੋ ਹੈ। ਵਧਦੀਆਂ ਕੀਮਤਾਂ ਅਤੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਸਰਕਾਰ ਨੇ ਅਕਤੂਬਰ ਵਿੱਚ ਸਬਸਿਡੀ ਵਾਲੀਆਂ ਦਰਾਂ ‘ਤੇ ਪਿਆਜ਼ ਵੇਚਣ ਦਾ ਫੈਸਲਾ ਕੀਤਾ ਸੀ। ਸਰਕਾਰ ਬਫਰ ਸਟਾਕ ‘ਚ ਰੱਖੇ ਪਿਆਜ਼ ਨੂੰ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ਵਾਲੇ ਰੇਟ ‘ਤੇ ਵੇਚ ਰਹੀ ਹੈ। ਇਸ ਦੇ ਬਾਵਜੂਦ ਪਿਆਜ਼ ਦੇ ਭਾਅ ‘ਚ ਕੋਈ ਕਮੀ ਨਹੀਂ ਆਈ ਹੈ।