ਪਾਪੁਆ ਨਿਊ ਗਿਨੀ ਦੇ ਕਾਓਕਲਾਮ ਪਿੰਡ ‘ਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਆਸਟ੍ਰੇਲੀਅਨ ਮੀਡੀਆ ਏਬੀਸੀ ਦੇ ਅਨੁਸਾਰ, ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰੇਸਬੀ ਤੋਂ ਲਗਭਗ 600 ਕਿਲੋਮੀਟਰ ਦੂਰ ਐਂਗਾ ਪ੍ਰਾਂਤ ਦੇ ਪਿੰਡ ਵਿੱਚ ਸਥਾਨਕ ਸਮੇਂ ਅਨੁਸਾਰ ਤੜਕੇ ਕਰੀਬ 3 ਵਜੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਸਥਾਨਕ ਪੁਲਸ ਮੁਤਾਬਕ ਕਾਓਕਲਮ ‘ਚ ਜ਼ਮੀਨ ਖਿਸਕਣ ਕਾਰਨ ਜ਼ਿਆਦਾ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਸਾਰਾ ਪਿੰਡ ਸੁੱਤਾ ਪਿਆ ਸੀ ਇਸ ਲਈ ਉਨ੍ਹਾਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ। ਉੱਥੇ ਅਜੇ ਵੀ ਕਈ ਲੋਕ ਜ਼ਮੀਨ ਹੇਠਾਂ ਦੱਬੇ ਹੋਏ ਹਨ।
ਇਸ ਤੋਂ ਇਲਾਵਾ ਢਿੱਗਾਂ ਡਿੱਗਣ ਕਾਰਨ ਕਾਓਕਲਾਮ ਪਿੰਡ ਤੋਂ ਸ਼ਹਿਰ ਨੂੰ ਜਾਣ ਵਾਲੀ ਸੜਕ ਵੀ ਜਾਮ ਹੋ ਗਈ ਹੈ। ਪਾਪੂਆ ਨਿਊ ਗਿਨੀ ਦੀ ਸਰਕਾਰ ਨੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਕਾਓਕਲਾਮ ਦੇ ਵਸਨੀਕ ਨਿੰਗਾ ਰੋਲ ਨੇ ਏਬੀਸੀ ਨੂੰ ਦੱਸਿਆ ਕਿ ਇਸ ਜ਼ਮੀਨ ਖਿਸਕਣ ਵਿੱਚ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ।