ਪਾਕਿਸਤਾਨ ਵਿੱਚ ਪੋਲੀਓ ਵਾਇਰਸ ਦੀ ਲਾਗ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਇਸ ਸਾਲ ਪੋਲੀਓ ਸੰਕਰਮਣ ਦੇ ਮਾਮਲੇ ਵੱਧ ਕੇ 37 ਹੋ ਗਏ ਹਨ। ਪਾਕਿਸਤਾਨ ਦੇ ਇਸਲਾਮਾਬਾਦ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਸ਼ੁੱਕਰਵਾਰ ਨੂੰ ਬਲੋਚਿਸਤਾਨ ‘ਚ ਪੋਲੀਓ ਦੀ ਲਾਗ ਦੇ ਤਿੰਨ ਅਤੇ ਖੈਬਰ ਪਖਤੂਨਖਵਾ ‘ਚ ਇਕ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਪਾਕਿਸਤਾਨ ਦੀ ਮੀਡੀਆ ਰਿਪੋਰਟਾਂ ਮੁਤਾਬਕ ਬਲੋਚਿਸਤਾਨ ਦੇ ਪਿਸ਼ੀਨ ਇਲਾਕੇ ‘ਚ ਇਕ ਬੱਚੀ ਪੋਲੀਓ ਵਾਇਰਸ ਨਾਲ ਸੰਕਰਮਿਤ ਪਾਈ ਗਈ ਹੈ। ਚਮਨ ਅਤੇ ਨੋਸ਼ਕੀ ਖੇਤਰ ਵਿੱਚ ਦੋ ਲੜਕੇ ਇਸ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਖੈਬਰ ਪਖਤੂਨਖਵਾ ਦੇ ਲੱਕੀ ਮਰਵਾਤ ਇਲਾਕੇ ਦੀ ਇਕ ਲੜਕੀ ਵਿਚ ਵੀ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਸਾਲ ਪਾਕਿਸਤਾਨ ਵਿਚ ਪੋਲੀਓ ਦੇ ਮਾਮਲੇ ਵਧ ਕੇ 37 ਹੋ ਗਏ ਹਨ। ਇਨ੍ਹਾਂ ਵਿਚੋਂ 20 ਮਾਮਲੇ ਇਕੱਲੇ ਬਲੋਚਿਸਤਾਨ ਵਿਚ, 10 ਸਿੰਧ ਵਿਚ, 5 ਖੈਬਰ ਪਖਤੂਨਖਵਾ ਵਿਚ ਅਤੇ ਪੰਜਾਬ ਅਤੇ ਇਸਲਾਮਾਬਾਦ ਵਿਚ ਇਕ-ਇਕ ਮਾਮਲੇ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਦੁਨੀਆ ‘ਚ ਪੋਲੀਓ ਇਨਫੈਕਸ਼ਨ ਦੇ ਮਾਮਲੇ ਸਿਰਫ ਪਾਕਿਸਤਾਨ ਅਤੇ ਅਫਗਾਨਿਸਤਾਨ ‘ਚ ਹੀ ਪਾਏ ਜਾ ਰਹੇ ਹਨ।