17 ਅਪ੍ਰੈਲ 2024: ਫ਼ਿਰੋਜ਼ਪੁਰ ਵਿੱਚ 2 ਅਪ੍ਰੈਲ 2024 ਨੂੰ ਇੱਕ ਕਿਸਾਨ ਅਮਰੀਕ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਪਿੰਡ ਡੀਟੀ ਮੱਲ ਤਰਬਾਂਦੀ ਤੋਂ ਅੱਗੇ ਸਰਹੱਦੀ ਚੌਕੀ ਡੀਟੀ ਮੱਲ ਦੇ ਖੇਤਰ ਵਿੱਚ ਦਰਿਆ ਪਾਰ ਕਰਦੇ ਸਮੇਂ ਸਤਲੁਜ ਦਰਿਆ ਵਿੱਚ ਡੁੱਬ ਗਿਆ ਸੀ। ਇਸ ਤੋਂ ਬਾਅਦ ਬੀਐਸਐਫ ਵੱਲੋਂ ਮੋਟਰ ਬੋਟ ਦੀ ਮਦਦ ਨਾਲ ਡੁੱਬੇ ਕਿਸਾਨ ਦੀ ਭਾਲ ਲਈ ਕਈ ਯਤਨ ਕੀਤੇ ਗਏ ਪਰ ਡੁੱਬੇ ਕਿਸਾਨ ਦਾ ਪਤਾ ਨਹੀਂ ਲੱਗਾ।
ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ 15 ਅਪ੍ਰੈਲ 2024 ਨੂੰ ਸਥਾਨਕ ਲੋਕਾਂ ਨੇ ਦੇਖਿਆ ਕਿ ਇੱਕ ਲਾਸ਼ ਨਦੀ ਵਿੱਚ ਤੈਰ ਰਹੀ ਹੈ ਤਾਂ ਲੋਕਾਂ ਨੇ ਤੁਰੰਤ ਬੀਐਸਐਫ ਦੀ 155 ਬਟਾਲੀਅਨ ਨੂੰ ਸੂਚਨਾ ਦਿੱਤੀ ਅਤੇ ਇਸ ਤੋਂ ਤੁਰੰਤ ਬਾਅਦ 155 ਬਟਾਲੀਅਨ ਨੇ ਸਪੀਡ ਬੋਟ ਦੀ ਮਦਦ ਨਾਲ ਕਾਰਵਾਈ ਕੀਤੀ। ਜਦੋਂ ਲਾਸ਼ ਨੂੰ ਪਾਣੀ ‘ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦਰਿਆ ‘ਚ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਉਸ ਕਿਸਾਨ ਦੀ ਲਾਸ਼ ਸਰਹੱਦ ਪਾਰ ਕਰਕੇ ਪਾਕਿਸਤਾਨ ‘ਚ ਦਾਖਲ ਹੋ ਗਈ। ਉਨ੍ਹਾਂ ਦੱਸਿਆ ਕਿ ਬੀ.ਐਸ.ਐਫ ਦੀ 155 ਬਟਾਲੀਅਨ ਨੇ ਬਿਨਾਂ ਕਿਸੇ ਦੇਰੀ ਦੇ ਪਾਕਿ ਰੇਂਜਰਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਫਲੈਗ ਮੀਟਿੰਗ ਕਰਕੇ ਕਿਸਾਨ ਦੀ ਮ੍ਰਿਤਕ ਦੇਹ ਪਾਕਿਸਤਾਨ ਰੇਂਜਰਾਂ ਤੋਂ ਕਢਵਾ ਕੇ ਕਿਸਾਨ ਦੇ ਪਰਿਵਾਰ ਨੂੰ ਸੌਂਪ ਦਿੱਤੀ। ਉਨ੍ਹਾਂ ਕਿਹਾ ਕਿ ਬੀਐਸਐਫ ਵੱਲੋਂ ਕਿਸਾਨ ਦੀ ਲਾਸ਼ ਪਰਿਵਾਰ ਨੂੰ ਸੌਂਪ ਕੇ ਇੱਕ ਵਾਰ ਫਿਰ ਚੰਗੇ ਕੰਮ ਦੀ ਮਿਸਾਲ ਕਾਇਮ ਕੀਤੀ ਗਈ ਹੈ।