6 ਅਪ੍ਰੈਲ 2024: ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੇ ਲੇਹ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਸ਼ਮੀਨਾ ਮਾਰਚ ਕੱਢਣ ਦਾ ਐਲਾਨ ਕੀਤਾ ਹੈ। 7 ਅਪ੍ਰੈਲ ਨੂੰ ਕੱਢੇ ਜਾਣ ਵਾਲੇ ਪਸ਼ਮੀਨਾ ਮਾਰਚ ‘ਚ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਲੱਦਾਖ ਪ੍ਰਸ਼ਾਸਨ ਨੇ ਲੇਹ ‘ਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਇੰਟਰਨੈੱਟ ‘ਤੇ ਪਾਬੰਦੀ ਦਾ ਹੁਕਮ ਵੀ ਜਾਰੀ ਕੀਤਾ ਗਿਆ ਹੈ।
ਹੁਕਮਾਂ ਮੁਤਾਬਕ ਇੰਟਰਨੈੱਟ ਸੇਵਾ ਨੂੰ ਘਟਾ ਕੇ 2ਜੀ ਕਰ ਦਿੱਤਾ ਜਾਵੇਗਾ। ਇਹ ਹੁਕਮ ਸ਼ਨੀਵਾਰ ਸ਼ਾਮ 6 ਵਜੇ ਤੋਂ ਐਤਵਾਰ ਸ਼ਾਮ 6 ਵਜੇ ਤੱਕ ਲੇਹ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ 10 ਕਿਲੋਮੀਟਰ ਦੇ ਦਾਇਰੇ ‘ਚ ਲਾਗੂ ਰਹੇਗਾ।
ਇਹ ਪਸ਼ਮੀਨਾ ਮਾਰਚ ਲੱਦਾਖ ਦੇ ਉਨ੍ਹਾਂ ਚਰਾਗਾਹਾਂ ਵਿੱਚ ਚੀਨੀ ਘੁਸਪੈਠ ਨੂੰ ਉਜਾਗਰ ਕਰਨ ਅਤੇ ਵਾਤਾਵਰਣ ਪੱਖੋਂ ਕਮਜ਼ੋਰ ਖੇਤਰ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਾਹਮਣੇ ਲਿਆਉਣ ਲਈ ਕੱਢਿਆ ਜਾਣਾ ਹੈ।
ਵਾਂਗਚੁਕ ਦਾ ਦਾਅਵਾ ਹੈ ਕਿ ਚੀਨ ਨੇ ਲਗਭਗ 4000 ਵਰਗ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ। ਪਸ਼ਮਿਨੀ ਚਰਵਾਹੇ ਮਾਰਚ ਵਿੱਚ ਸ਼ਾਮਲ ਹੋਣਗੇ ਜੋ ਦੱਸਣਗੇ ਕਿ ਪਹਿਲਾਂ ਚਰਾਗਾਹ ਕਿੱਥੇ ਸੀ ਅਤੇ ਅੱਜ ਕਿੱਥੇ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ- ਸ਼ਾਂਤੀ ਭੰਗ ਹੋਣ ਦੀ ਸੰਭਾਵਨਾ
ਲੇਹ ਦੇ ਜ਼ਿਲ੍ਹਾ ਮੈਜਿਸਟਰੇਟ ਸੰਤੋਸ਼ ਸੁਖਦੇਵ ਨੇ ਸ਼ੁੱਕਰਵਾਰ ਨੂੰ ਸੀਆਰਪੀਸੀ ਦੀ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿੱਚ ਸ਼ਾਂਤੀ ਭੰਗ ਹੋਣ ਦਾ ਖ਼ਦਸ਼ਾ ਹੈ। ਇਕ ਹੋਰ ਨੋਟਿਸ ਅਨੁਸਾਰ ਕਿਸੇ ਵੀ ਜਲੂਸ, ਰੈਲੀ ਜਾਂ ਮਾਰਚ, ਜਨਤਕ ਇਕੱਠ ਅਤੇ ਬਿਨਾਂ ਇਜਾਜ਼ਤ ਵਾਹਨਾਂ ‘ਤੇ ਲੱਗੇ ਲਾਊਡ ਸਪੀਕਰਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ।