ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਇੱਕ ਜਹਾਜ਼ ਕਰੈਸ਼ ਹੋ ਗਿਆ ਹੈ। ਜਹਾਜ਼ ‘ਚ ਸਵਾਰ 19 ਲੋਕਾਂ ‘ਚੋਂ 18 ਦੀ ਮੌਤ ਹੋ ਗਈ ਹੈ। ਜ਼ਖਮੀ ਪਾਇਲਟ ਕੈਪਟਨ ਐੱਮ. ਸ਼ਾਕਿਆ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ। ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ।
ਜਹਾਜ਼ ਨੇ ਸਵੇਰੇ ਕਰੀਬ 11 ਵਜੇ ਤ੍ਰਿਭੁਵਨ ਹਵਾਈ ਅੱਡੇ ਤੋਂ ਉਡਾਣ ਭਰੀ। ਪਲਾਂ ਵਿੱਚ ਹੀ ਇਹ ਕਰੈਸ਼ ਹੋ ਗਿਆ। 9N-AME ਜਹਾਜ਼ ਸੌਰਯਾ ਏਅਰਲਾਈਨਜ਼ ਦਾ ਸੀ। ਹਾਦਸੇ ‘ਚ ਮਰਨ ਵਾਲਿਆਂ ‘ਚੋਂ 17 ਸੌਰਯਾ ਏਅਰਲਾਈਨਜ਼ ਦੇ ਕਰਮਚਾਰੀ ਸਨ, ਜਦਕਿ ਬਾਕੀ 2 ਚਾਲਕ ਦਲ ਦੇ ਮੈਂਬਰ ਸਨ।
ਕਾਠਮੰਡੂ ਪੋਸਟ ਮੁਤਾਬਕ ਹਾਦਸੇ ਤੋਂ ਤੁਰੰਤ ਬਾਅਦ ਪੁਲਸ ਅਤੇ ਫਾਇਰ ਫਾਈਟਰਜ਼ ਦੀ ਟੀਮ ਬਚਾਅ ਕਾਰਜ ਲਈ ਮੌਕੇ ‘ਤੇ ਪਹੁੰਚ ਗਈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਰੈਸ਼ ਹੋਣ ਤੋਂ ਬਾਅਦ ਜਹਾਜ਼ ਵਿਚ ਅੱਗ ਲੱਗ ਗਈ। ਇਸ ਨੂੰ ਤੁਰੰਤ ਬੁਝਾਇਆ ਗਿਆ।
ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ‘ਚ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।