ਨੇਤਨਯਾਹੂ ਨੇ ਇਜ਼ਰਾਈਲੀ ਫੌਜ ਨੂੰ ਹਿਜ਼ਬੁੱਲਾ ‘ਤੇ ਹਮਲੇ ਜਾਰੀ ਰੱਖਣ ਦਾ ਦਿੱਤਾ ਆਦੇਸ਼।ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯੁੱਧਬੰਦੀ ਲਈ ਅਮਰੀਕਾ ਅਤੇ ਫਰਾਂਸ ਵਰਗੀਆਂ ਵਿਸ਼ਵ ਸ਼ਕਤੀਆਂ ਦੀਆਂ ਵਧਦੀਆਂ ਕਾਲਾਂ ਦੇ ਬਾਵਜੂਦ ਫੌਜ ਨੂੰ ਲੇਬਨਾਨ ਵਿੱਚ ਹਿਜ਼ਬੁੱਲਾ ਤੇ ਹਮਲਾ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਰਿਪੋਰਟ ਮੁਤਾਬਕ ਜਿਸ ਸਮੇਂ ਤੋਂ ਸੰਘਰਸ਼ ਵਧਿਆ ਹੈ ਉਸ ਤੋਂ ਬਾਅਦ ਤੋਂ ਲੈਬਨਾਨ ਵਿੱਚ ਹੁਣ ਤੱਕ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ 630 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਅੰਤਰਰਾਸ਼ਟਰੀ ਲੀਡਰ ਕੂਟਨੀਤੀ ਲਈ ਜਗ੍ਹਾ ਦੇਣ ਅਤੇ ਹੋਰ ਹਮਲਿਆਂ ਨੂੰ ਵਧਣ ਤੋਂ ਰੋਕਣ ਲਈ 21 ਦਿਨਾਂ ਦੀ ਜੰਗਬੰਦੀ ਲਈ ਜ਼ੋਰ ਦੇ ਰਹੇ ਹਨ। ਰਿਪੋਰਟ ਮੁਤਾਬਕ ਹਿਜ਼ਬੁੱਲਾ ਨੇ ਇਜ਼ਰਾਈਲ ‘ਤੇ ਸੈਂਕੜੇ ਰਾਕੇਟ ਦਾਗੇ ਹਨ, ਹਾਲਾਂਕਿ ਕਈਆਂ ਨੂੰ ਰੱਖਿਆ ਪ੍ਰਣਾਲੀਆਂ ਦੁਆਰਾ ਰੋਕ ਦਿੱਤਾ ਗਿਆ ਸੀ। ਜਦੋਂ ਕਿ ਨੇਤਨਯਾਹੂ ਨੇ ਜੰਗਬੰਦੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਉਥੇ ਹੀ ਇਜ਼ਰਾਈਲੀ ਵਿਰੋਧੀ ਧਿਰ ਦੇ ਲੀਡਰ ਯੇਅਰ ਲੈਪਿਡ ਨੇ ਹਿਜ਼ਬੁੱਲਾ ਨੂੰ ਮੁੜ ਸੰਗਠਿਤ ਹੋਣ ਤੋਂ ਰੋਕਣ ਲਈ ਸੱਤ ਦਿਨਾਂ ਦੀ ਲੜਾਈ ਦਾ ਸੁਝਾਅ ਦਿੱਤਾ। ਇਸ ਦੌਰਾਨ, ਲੇਬਨਾਨ ਵਿੱਚ ਸੰਭਾਵਿਤ ਜ਼ਮੀਨੀ ਹਮਲੇ ਦੀ ਤਿਆਰੀ ਵਿੱਚ ਇਜ਼ਰਾਈਲ ਦੀ ਫੌਜ ਦੇ ਨਾਲ ਤਣਾਅ ਕਾਫੀ ਵੱਧ ਬਣਿਆ ਹੋਇਆ ਹੈ। ਹਿਜ਼ਬੁੱਲਾ ਦਾ ਕਹਿਣਾ ਹੈ ਕਿ ਉਹ ਤਾਂ ਹੀ ਗੋਲੀਬਾਰੀ ਬੰਦ ਕਰਨਗੇ ਜੇਕਰ ਗਾਜ਼ਾ ਵਿੱਚ ਜੰਗਬੰਦੀ ਹੁੰਦੀ ਹੈ, ਜਿੱਥੇ ਇਜ਼ਰਾਈਲ ਹਮਾਸ ਨਾਲ ਲੜ ਰਿਹਾ ਹੈ। ਜ਼ਿਕਰਯੋਗ ਹੈ ਕਿ 90,000 ਤੋਂ ਵੱਧ ਲੇਬਨਾਨੀਆਂ ਦੇ ਉਜਾੜੇ ਅਤੇ ਹਜ਼ਾਰਾਂ ਇਜ਼ਰਾਈਲੀਆਂ ਦੇ ਪਨਾਹ ਲੈਣ ਦੇ ਨਾਲ, ਇਹ ਖੇਤਰ ਹੋਰ ਸੰਘਰਸ਼ ਦੇ ਕੰਢੇ ‘ਤੇ ਬਣਿਆ ਹੋਇਆ ਹੈ ਜਿਥੇ ਕੂਟਨੀਤਕ ਯਤਨ ਲਗਾਤਾਰ ਜਾਰੀ ਹਨ।