ਹਾਲ ਹੀ ਵਿੱਚ ਕੈਨੇਡਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੋਡੀ ਥੋਮਸ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਚ ਦਾਅਵਾ ਕੀਤਾ ਸੀ ਕੀ ਭਾਰਤ ਇਸ ਮਾਮਲੇ ਚ ਕੈਨੇਡਾ ਨਾਲ ਸਹਿਯੋਗ ਕਰ ਰਿਹਾ ਹੈ। ਪਰ ਇਸ ਬਿਆਨ ਦੇ ਜਾਰੀ ਹੋਣ ਤੋਂ ਬਾਅਦ ਕੈਨੇਡਾ ਵਿੱਚ ਮੌਜੂਦ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਕੁਝ ਹੋਰ ਹੀ ਬਿਆਨ ਜਾਰੀ ਕੀਤਾ ਹੈ। ਸੰਜੇ ਵਰਮਾ ਨੇ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਕਿ ਭਾਰਤ ਨੇ ਕੈਨੇਡਾ ਨੂੰ ਇਹ ਕਿਹਾ ਹੈ ਕਿ ਜਦੋਂ ਤੱਕ ਕਨੇਡੀਅਨ ਜਾਂਚ ਏਜੰਸੀਆਂ ਭਾਰਤ ਨੂੰ ਉਨ੍ਹਾਂ ਵਲੋਂ ਇਕੱਠੇ ਕੀਤੇ ਸਬੂਤ ਨਹੀਂ ਦਿਖਾਉਂਦੀਆਂ ਉਦੋਂ ਤੱਕ ਭਾਰਤ ਕੈਨੇਡਾ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕਰੇਗਾ। ਸੰਜੇ ਵਰਮਾ ਦਾ ਇਹ ਬਿਆਨ ਕੈਨੇਡਾ ਦੇ ਗਲੋਬ ਏਂਡ ਮੇਲ ਅਖਬਾਰ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਸਾਹਮਣੇ ਆਇਆ ਹੈ। ਇਸ ਇੰਟਰਵਿਊ ਵਿੱਚ ਸੰਜੇ ਵਰਮਾ ਨੇ ਕਿਹਾ ਕਿ ਅਜੇ ਤੱਕ ਓਟਵਾ ਨੇ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਨਾਲ ਜੁੜੇ ਕੋਈ ਵੀ ਦਸਤਾਵੇਜ਼ੀ ਸਬੂਤ ਨਹੀਂ ਦਿੱਤੇ ਹਨ। ਅਤੇ ਜਾਂਚ ਵਿੱਚ ਮਦਦ ਉਦੋਂ ਹੀ ਹੋਵੇਗੀ ਜਦੋਂ ਕੈਨੇਡਾ ਸਾਨੂੰ ਕੋਈ ਸਬੂਤ ਪੇਸ਼ ਕਰੇਗਾ। ਭਾਰਤੀ ਹਾਈ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਭਾਰਤ ਦੀ ਏਕਤਾ ਵਿੱਚ ਖਤਰਾ ਪੈਦਾ ਕਰਨ ਦੀ ਸਾਜਿਸ਼ ਕਰ ਰਿਹਾ ਹੈ ਤਾਂ ਇਸ ਦੇ ਨਤੀਜ਼ੇ ਵੀ ਭੁਗਤਣੇ ਪੈਣਗੇ। ਇਹ ਵੀ ਦੱਸਦਈਏ ਕਿ ਇਸੇ ਮਾਮਲੇ ਵਿੱਚ ਕੈਨੇਡਾ ਨੇ ਕੁੱਝ ਮਹੀਨੇ ਪਹਿਲਾਂ ਕਿਹਾ ਸੀ ਕੀ ਉਨ੍ਹਾਂ ਨੇ ਭਾਰਤ ਨਾਲ ਸਬੂਤ ਸਾਂਝੇ ਕੀਤੇ ਹਨ।