21 ਜਨਵਰੀ 2024: ਅਮਰੀਕਾ ਵਿੱਚ ਇਸ ਸਾਲ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਦੇ ਲਈ ਸਾਰੇ ਉਮੀਦਵਾਰ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਇੱਕ ਦੂਜੇ ਤੋਂ ਅੱਗੇ ਰਹਿਣ ਦੀ ਦੌੜ ਵਿੱਚ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਹੁਣ ਖਬਰ ਆਈ ਹੈ ਕਿ ਦੱਖਣੀ ਕੈਰੋਲੀਨਾ ਦੇ ਰਿਪਬਲਿਕਨ ਸੈਨੇਟਰ ਟਿਮ ਸਕਾਟ ਨੇ ਫੈਸਲਾ ਕੀਤਾ ਹੈ ਕਿ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕਰਨਗੇ।
ਰਿਪਬਲਿਕਨ ਪਾਰਟੀ ਤੋਂ ਪਹਿਲੇ ਕਾਲੇ ਉਮੀਦਵਾਰ ਬਣਨ ਦੀ ਕੋਸ਼ਿਸ਼ ਕਰ ਰਹੇ ਸੈਨੇਟਰ ਟਿਮ ਸਕਾਟ ਪਿਛਲੇ ਸਾਲ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟ ਗਏ ਸਨ। ਉਸ ਨੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ। ਹਾਲਾਂਕਿ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਉਹ ਟਰੰਪ ਦਾ ਸਮਰਥਨ ਕਰਨਗੇ। ਇਸਦੀ ਪੁਸ਼ਟੀ ਸਕਾਟ ਦੇ ਕਰੀਬੀ ਇੱਕ ਸੂਤਰ ਨੇ ਕੀਤੀ ਹੈ।
ਹੇਲੀ ਨੂੰ ਵੱਡਾ ਝਟਕਾ
ਸਕਾਟ ਦਾ ਟਰੰਪ ਦਾ ਸਮਰਥਨ ਹੇਲੀ ਲਈ ਵੱਡਾ ਝਟਕਾ ਹੋ ਸਕਦਾ ਹੈ। ਇਸ ਨੂੰ ਧੋਖੇ ਵਜੋਂ ਵੀ ਦੇਖਿਆ ਜਾ ਸਕਦਾ ਹੈ। ਕਿਉਂਕਿ ਜਦੋਂ ਹੇਲੀ ਦੱਖਣੀ ਕੈਰੋਲੀਨਾ ਦੀ ਗਵਰਨਰ ਸੀ ਤਾਂ ਉਸ ਨੇ ਸਕਾਟ ਨੂੰ ਅਮਰੀਕੀ ਸੈਨੇਟ ਲਈ ਨਿਯੁਕਤ ਕੀਤਾ ਸੀ। ਹਾਲਾਂਕਿ, ਉਹ ਅਜੇ ਵੀ ਨਿਊ ਹੈਂਪਸ਼ਾਇਰ ਵਿੱਚ ਮੰਗਲਵਾਰ ਨੂੰ ਹੋਣ ਵਾਲੀ ਵੋਟ ਤੋਂ ਪਹਿਲਾਂ ਨਾਮਜ਼ਦਗੀ ਲਈ ਟਰੰਪ ਦੇ ਵਿਰੁੱਧ ਖੜ੍ਹੀ ਹੈ।