ਦੇਸ਼ ‘ਚ ਕੁਝ ਥਾਵਾਂ ‘ਤੇ ਭਾਰੀ ਅਤੇ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ 107 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਚੰਬਾ ਵਿੱਚ ਢਿੱਗਾਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸ਼ਿਮਲਾ ਮੌਸਮ ਵਿਭਾਗ ਨੇ ਬੁੱਧਵਾਰ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਗੰਗਾ-ਯਮੁਨਾ ਦਾ ਕਹਿਰ ਜਾਰੀ ਹੈ। ਸੰਗਮ ਘਾਟ ਡੁੱਬ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 4 ਦਿਨਾਂ (23 ਅਗਸਤ) ਤੱਕ ਮੌਸਮ ਅਜਿਹਾ ਹੀ ਰਹੇਗਾ। 48 ਘੰਟਿਆਂ ‘ਚ ਤਾਪਮਾਨ ‘ਚ ਨਾ ਤਾਂ ਕੋਈ ਵਾਧਾ ਹੋਵੇਗਾ ਅਤੇ ਨਾ ਹੀ ਕਮੀ।
ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਉਜੈਨ, ਨਰਮਦਾਪੁਰਮ-ਨਰਸਿੰਘਪੁਰ ‘ਚ ਸੋਮਵਾਰ ਨੂੰ ਤਾਪਮਾਨ 34 ਡਿਗਰੀ ਨੂੰ ਪਾਰ ਕਰ ਗਿਆ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਮਜ਼ਬੂਤ ਸਿਸਟਮ ਸਰਗਰਮ ਹੋ ਜਾਵੇਗਾ। ਇਸ ਕਾਰਨ 21 ਅਤੇ 22 ਅਗਸਤ ਨੂੰ ਪੂਰੇ ਸੂਬੇ ਵਿੱਚ ਭਾਰੀ ਮੀਂਹ ਪਵੇਗਾ।
ਮੌਸਮ ਵਿਭਾਗ (IMD) ਨੇ ਮੰਗਲਵਾਰ (20 ਅਗਸਤ) ਨੂੰ 20 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪੱਛਮੀ ਬੰਗਾਲ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਬਿਹਾਰ, ਛੱਤੀਸਗੜ੍ਹ ਅਤੇ ਯੂਪੀ ਵਿੱਚ ਅਗਲੇ ਕੁਝ ਦਿਨਾਂ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।