19 ਅਕਤੂਬਰ 2024: ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਫਲਾਈਟ UK-17 ਨੂੰ ਸ਼ੁੱਕਰਵਾਰ ਦੇਰ ਰਾਤ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਹ ਧਮਕੀ ਸੋਸ਼ਲ ਮੀਡੀਆ ‘ਤੇ ਦਿੱਤੀ ਗਈ ਹੈ। ਸੂਚਨਾ ਮਿਲਣ ‘ਤੇ ਫਲਾਈਟ ਨੂੰ ਫਰੈਂਕਫਰਟ ਵੱਲ ਮੋੜ ਦਿੱਤਾ ਗਿਆ, ਜਿੱਥੇ 2.5 ਘੰਟੇ ਦੀ ਜਾਂਚ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਏਅਰਲਾਈਨ ਨੇ ਕਿਹਾ ਕਿ ਧਮਕੀ ਮਿਲਣ ਤੋਂ ਬਾਅਦ, ਪ੍ਰੋਟੋਕੋਲ ਦੇ ਅਨੁਸਾਰ, ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਸੀ। ਪਾਇਲਟ ਨੇ ਫਲਾਈਟ ਨੂੰ ਫਰੈਂਕਫਰਟ ਵੱਲ ਮੋੜਨ ਦਾ ਫੈਸਲਾ ਲਿਆ ਸੀ। ਫ੍ਰੈਂਕਫਰਟ ਦੇ ਸੁਰੱਖਿਆ ਅਧਿਕਾਰੀਆਂ ਨੇ ਫਲਾਈਟ ਦੀ ਜਾਂਚ ਕੀਤੀ, ਕੁਝ ਵੀ ਸ਼ੱਕੀ ਨਹੀਂ ਮਿਲਿਆ।
ਪਿਛਲੇ 6 ਦਿਨਾਂ ‘ਚ ਭਾਰਤੀ ਜਹਾਜ਼ਾਂ ‘ਤੇ ਬੰਬ ਦੀ ਧਮਕੀ ਦੀ ਇਹ 22ਵੀਂ ਘਟਨਾ ਹੈ। ਲਗਾਤਾਰ ਧਮਕੀਆਂ ਦੇ ਵਿਚਕਾਰ ਕੇਂਦਰ ਸਰਕਾਰ ਨੇ 16 ਅਕਤੂਬਰ ਨੂੰ ਫਲਾਈਟਾਂ ‘ਤੇ ਏਅਰ ਮਾਰਸ਼ਲਾਂ ਦੀ ਗਿਣਤੀ ਦੁੱਗਣੀ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਹਵਾਬਾਜ਼ੀ ਮੰਤਰਾਲੇ ਤੋਂ ਵੀ ਰਿਪੋਰਟ ਮੰਗੀ ਹੈ।