ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿੱਚ ਸੋਮਵਾਰ ਸਵੇਰੇ 8:55 ਵਜੇ ਇੱਕ ਮਾਲ ਗੱਡੀ ਨੇ ਕੰਚਨਜੰਗਾ ਐਕਸਪ੍ਰੈਸ (13174) ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 2 ਲੋਕੋ ਪਾਇਲਟ ਅਤੇ ਇਕ ਗਾਰਡ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਪੂਰਬੀ ਰੇਲਵੇ ਦੇ ਸੀਪੀਆਰਓ ਕੌਸ਼ਿਕ ਮਿੱਤਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਮਾਚਾਰ ਏਜੰਸੀ ਪੀਟੀਆਈ ਨੇ 15 ਲੋਕਾਂ ਦੀ ਮੌਤ ਅਤੇ 60 ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਹੈ।
ਕੌਸ਼ਿਕ ਮਿੱਤਰਾ ਨੇ ਦੱਸਿਆ ਕਿ ਕੰਚਨਜੰਗਾ ਐਕਸਪ੍ਰੈਸ ਰੇਲਗੱਡੀ ਦੇ ਪਿਛਲੇ ਪਾਸੇ ਦੋ ਪਾਰਸਲ ਅਤੇ ਇੱਕ ਐਸਐਲਆਰ ਕੋਚ ਜੁੜਿਆ ਹੋਇਆ ਸੀ। ਇਸ ਵਿੱਚ ਕੋਈ ਯਾਤਰੀ ਨਹੀਂ ਸੀ। ਟਰੇਨ ਦੇ 5 ਡੱਬੇ ਨੁਕਸਾਨੇ ਗਏ ਹਨ। ਸਪੈਸ਼ਲ ਟਰੇਨ 12:40 ‘ਤੇ ਸਿਆਲਦਾਹ ਲਈ ਰਵਾਨਾ ਹੋਈ ਹੈ। ਟਰੇਨ ‘ਚ ਜ਼ਿਆਦਾਤਰ ਯਾਤਰੀ ਮਾਲਦਾ ਅਤੇ ਬੋਲਪੁਰ ਦੇ ਰਹਿਣ ਵਾਲੇ ਹਨ। ਸਿੰਗਲ ਲਾਈਨ ‘ਤੇ ਰੇਲ ਸੇਵਾ ਸ਼ੁਰੂ ਕੀਤੀ ਗਈ ਹੈ।
ਕੰਚਨਜੰਗਾ ਐਕਸਪ੍ਰੈਸ (13174) 16 ਜੂਨ ਨੂੰ ਸਵੇਰੇ 8:15 ਵਜੇ ਅਗਰਤਲਾ ਤੋਂ ਰਵਾਨਾ ਹੋਈ ਸੀ। 17 ਜੂਨ ਨੂੰ ਸ਼ਾਮ 7:20 ਵਜੇ ਸਿਆਲਦਾਹ ਪਹੁੰਚਣਾ ਸੀ। ਇਹ ਹਾਦਸਾ ਨਿਊ ਜਲਪਾਈਗੁੜੀ ਸਟੇਸ਼ਨ ਨੇੜੇ ਰੰਗਾਪਾਨੀ ਵਿਖੇ ਵਾਪਰਿਆ। ਰੈੱਡ ਸਿਗਨਲ ਕਾਰਨ ਰੇਲਗੱਡੀ ਨੂੰ ਇੱਥੇ ਰੁੜ੍ਹਾਸਾ ਵਿਖੇ ਰੋਕ ਦਿੱਤਾ ਗਿਆ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਮਾਲ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਸਪ੍ਰੈੱਸ ਟਰੇਨ ਦਾ ਇਕ ਡੱਬਾ ਮਾਲ ਗੱਡੀ ਦੇ ਇੰਜਣ ‘ਤੇ ਹਵਾ ‘ਚ ਲਟਕ ਗਿਆ। ਬਾਕੀ ਦੋ ਡੱਬੇ ਪਟੜੀ ਤੋਂ ਉਤਰ ਗਏ। ਰੇਲਵੇ ਮੁਤਾਬਕ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਭਾਰੀ ਮੀਂਹ ਕਾਰਨ ਮਾਲ ਗੱਡੀ ਦਾ ਪਾਇਲਟ ਸਿਗਨਲ ਨਹੀਂ ਦੇਖ ਸਕਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। NDRF, SDRF ਸਮੇਤ ਰੇਲਵੇ ਅਤੇ ਬੰਗਾਲ ਦੇ ਅਧਿਕਾਰੀ ਬਚਾਅ ਕਾਰਜ ‘ਚ ਲੱਗੇ ਹੋਏ ਹਨ।